ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀਬਾਜ਼ੀ ’ਤੋਂ ਉੱਪਰ ਉੱਠ ਕੇ ਲੋਕ ਹਿਤ ਦੀ ਗੱਲ ਕੀਤੀ: ‘ਆਮ ਆਦਮੀ ਪਾਰਟੀ’

ਚੰਡੀਗੜ੍ਹ, 7 ਜੁਲਾਈ 2019:
ਆਮ ਆਦਮੀ ਪਾਰਟੀ (ਆਪ) ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ‘ਚ ਮਹਿੰਗੀ ਬਿਜਲੀ ਤੋਂ ਰਾਹਤ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਸੁਝਾਅ ਦਾ ਸਵਾਗਤ ਕੀਤਾ ਹੈ।

ਬਾਜਵਾ ਨੇ ਕੈਪਟਨ ਨੂੰ ਸਸਤੀ ਬਿਜਲੀ ਮੁਹੱਈਆ ਕਰਾਉਣ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸੇਧ-ਸਲਾਹ ਲੈਣ ਦਾ ਸੁਝਾਅ ਦਿੱਤਾ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲੋਕਾਂ ਅਤੇ ਪੰਜਾਬ ਦੇ ਵਡੇਰੇ ਹਿਤਾਂ ਦੀ ਗੱਲ ਕੀਤੀ ਹੈ, ਜੋ ਸ਼ਲਾਘਾਯੋਗ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਸਰਕਾਰ ਦਾ ‘ਅੱਛਾ ਮਾਡਲ’ ਅਪਣਾਉਣ ‘ਚ ਕੋਈ ਝਿਜਕ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ‘ਅੱਛੇ ਮਾਡਲ’ ‘ਚ ਲੋਕ ਹਿਤ ਹੀ ਕੇਂਦਰਿਤ ਹੁੰਦੇ ਹਨ ਅਤੇ ਸਰਕਾਰ ਲੋਕਾਂ ਦੀ ਸੇਵਕ ਹੁੰਦੀ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਇਹ ਵੀ ਅੱਛਾ ਰੁਝਾਨ ਹੈ ਕਿ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਮਹਿੰਗੇ ਅਤੇ ਮਾਰੂ ਸਮਝੌਤੇ ਰੱਦ ਕਰਨ ‘ਤੇ ਜ਼ੋਰ ਦਿੱਤਾ ਹੈ, ਹਾਲਾਂਕਿ ਬਾਦਲ ਸਰਕਾਰ ਵੇਲੇ ਇਸ ਮੁੱਦੇ ‘ਤੇ ਸਭ ਤੋਂ ਵੱਧ ਬੋਲਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਚੁੱਪੀ ‘ਤੇ ਕਈ ਸਵਾਲੀਆ ਨਿਸ਼ਾਨ ਬਰਕਰਾਰ ਹਨ।

Share News / Article

Yes Punjab - TOP STORIES