ਪ੍ਰਤਾਪ ਬਾਜਵਾ ਵੱਲੋਂ ਜ਼ਿਮਨੀ ਚੋਣਾਂ ਮੌਕੇ ਕੈਪਟਨ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਵਿਰੋਧੀਆਂ ਨੂੰ ਜਿਤਾਉਣ ਲਈ: ਤ੍ਰਿਪਤ ਬਾਜਵਾ

ਚੰਡੀਗੜ੍ਹ, 28 ਸਤੰਬਰ, 2019:

ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੂੰ ਕਾਂਗਰਸ ਦੇ ਸਿਆਸੀ ਵਿਰੋਧੀਆਂ ਦੇ ਹੱਥਾਂ ਵਿਚ ਖੇਡ ਕੇ ਪਾਰਟੀ ਦਾ ਨੁਕਸਾਨ ਕਰਨ ਦਾ ਸ਼ੁਰੂ ਕੀਤਾ ਗਿਆ ਭੰਡੀ ਪ੍ਰਚਾਰ ਤੁਰੰਤ ਬੰਦ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਪ੍ਰਤਾਪ ਬਾਜਵਾ ਨੇ ਜ਼ਿਮਨੀ ਚੋਣਾਂ ਤੋਂ ਐਨ ਪਹਿਲਾਂ ਬੇਅਦਬੀ ਦੇ ਬਹੁਤ ਹੀ ਨਾਜ਼ਕ ਮਾਮਲੇ ਨੂੰ ਲੈ ਕੇ ਆਪਣੀ ਹੀ ਪਾਰਟੀ ਦੀ ਸਰਕਾਰ ਵਿਰੁੱਧ ਬਿਆਨਬਾਜ਼ੀ ਇਹਨਾਂ ਚੋਣਾਂ ਵਿਚ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਇਸ ਬਦਨੀਤ ਨਾਲ ਸ਼ੁਰੂ ਕੀਤੀ ਹੈ।

Êਪੰਚਾਇਤ ਮੰਤਰੀ ਨੇ ਕਿਹਾ ਕਿ ਪ੍ਰਤਾਪ ਬਾਜਵਾ ਸੂਬੇ ਵਿਚ ਅਜਿਹਾ ਸਿਆਂਸੀ ਮਾਹੌਲ ਸਿਰਜਣਾ ਚਾਹ ਰਹੇ ਹਨ ਕਿ ਇਹਨਾਂ ਜ਼ਿਮਨੀ ਚੋਣਾਂ ਵਿਚ ਕਾਗਰਸ ਪਾਰਟੀ ਦੀ ਹਾਰ ਹੋਵੇ ਅਤੇ ਫਿਰ ਉਹ ਇਸ ਹਾਰ ਨੂੰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਇੱਕ ਹਥਿਆਰ ਵਜੋਂ ਵਰਤ ਜੇ ਆਪਣੀ ਨਿੱਜੀ ਸਿਆਸੀ ਕਿੜ ਕੱਢ ਸਕਣ। ਉਹਨਾਂ ਕਿਹਾ ਕਿ ਪ੍ਰਤਾਪ ਬਾਜਵਾ ਦੀ ਇਹ ਇੱਛਾ ਕਦੇ ਵੀ ਪੂਰੀ ਨਹੀਂ ਹੋਵੇਗੀ ਕਿਉਂਕਿ ਕਾਂਗਰਸ ਪਾਰਟੀ ਸੂਬੇ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਬੜੀ ਸ਼ਾਨ ਨਾਲ ਜਿੱਤੇਗੀ।

ਸ਼੍ਰੀ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਚੱਲ ਰਹੀ ਜਾਂਚ ਨੂੰ ਲੈ ਕੇ ਜਿਸ ਤਰਾਂ ਦੀ ਬਿਆਨਬਾਜ਼ੀ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨਾਂ ਤੋਂ ਕਰ ਰਹੇ ਹਨ ਉਸ ਤੋਂ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਕਿ ਉਹ ਕਾਂਗਰਸ ਦੇ ਰਾਜਸੀ ਵਿਰੋਧੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ ਜਿਹੜੇ ਇਹ ਨਹੀਂ ਚਾਹੁੰਦੇ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਿਸੇ ਸਿਰ ਲੱਗੇ ਅਤੇ ਸੱਚ ਲੋਕਾਂ ਸਾਹਮਣੇ ਆਵੇ।

ਉਹਨਾਂ ਕਿਹਾ ਕਿ ਵਿਰੋਧੀਆਂ ਦੇ ਕੰਧਾੜਿਆਂ ਉੱਤੇ ਸਵਾਰ ਹੋ ਕੇ ਉਹ ਆਪਣੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਉੱਤੇ ਬਾਦਲਾਂ ਨਾਲ ਰਲੇ ਹੋਏ ਹੋਣ ਤੱਕ ਦੇ ਦੋਸ਼ ਲਾਉਣ ਦੀ ਹੱਦ ਤੱਕ ਚਲੇ ਗਏ ਹਨ। ਸ਼੍ਰੀ ਬਾਜਵਾ ਨੇ ਕਿਹਾ ਕਿ ਸੱਚ ਇਹ ਹੈ ਕਿ ਪ੍ਰਤਾਪ ਬਾਜਵਾ ਅਜੇ ਵੀ ਕਾਂਗਰਸ ਹਈ ਕਮਾਂਡ ਵਲੋਂ ਉਹਨਾਂ ਦੀ ਥਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਣ ਕਾਰਨ ਆਪਣੀ ਹਉਮੈ ਨੂੰ ਲੱਗੀ ਸੱਟ ਦੇ ਜਖ਼ਮ ਨੂੰ ਭੁੱਲ ਸਕੇ ਅਤੇ ਆਨੀਂ ਬਹਾਨੀਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੁਫ਼ਰ ਤੋਲਦੇ ਰਹਿੰਦੇ ਹਨ।

ਉਹਨਾਂ ਕਿਹਾ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਜਾਂ ਕਾਰਗੁਜ਼ਾਰੀ ਉੱਤੇ ਕੋਈ ਇਤਰਾਜ਼ ਹੈ ਜਾਂ ਉਸ ਕੋਲ ਅਮਰਿੰਦਰ ਸਿੰਘ ਵਲੋਂ ਬੇਅਦਬੀ ਦੀਆਂ ਘਟਨਾਵਾਂ ਵਿਚ ਬਾਦਲਾਂ ਦਾ ਬਚਾਅ ਕਰਨ ਸਬੰਧੀ ਕੋਈ ਪੁਖ਼ਤਾ ਸਬੂਤ ਹਨ ਤਾਂ ਉਹਨਾਂ ਨੂੰ ਇਹ ਮਾਮਲਾ ਪਾਰਟੀ ਦੇ ਪਲੇਟਫ਼ਾਰਮਾਂ ਉੱਤੇ ਰੱਖਣਾ ਚਾਹੀਦਾ ਹੈ।

ਪੰਚਾਇਤ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਪਿਛਲੇ ਸਮੇਂ ਵਿਚ ਹੋਈਆਂ ਪੰਚਾਇਤ, ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ ਅਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਦਰਸਾ ਦਿੱਤਾ ਹੈ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪੂਰੀ ਤਰਾਂ ਸੰਤੁਸ਼ਟ ਹਨ।

ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਚੋਣਾਂ ਵਿਚ ਵੀ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਤਾਂ ਕੋਈ ਦਿਲਚਸਪੀ ਹੀ ਨਹੀਂ ਲਈ ਜਾਂ ਪਾਰਟੀ ਉਮੀਦਵਾਰਾਂ ਦਾ ਵਿਰੋਧ ਕੀਤਾ। ਸ਼੍ਰੀ ਬਾਜਵਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੀ ਪਾਰਟੀ ਦੀ ਸਰਕਾਰ ਵਿਰੁੱਧ ਕੂੜ ਪ੍ਰਚਾਰ ਕਰ ਕੇ ਉਸੇ ਦਰਖ਼ਤ ਨੂੰ ਵੱਢਣ ਦੀ ਅਕਿ੍ਰਤਘਣਤਾ ਕਰ ਰਹੇ ਹਨ ਜਿਸ ਦਰਖ਼ਤ ਦਾ ਫ਼ਲ ਉਹ ਖਾਂਦੇ ਰਹੇ ਹਨ ਅਤੇ ਹੁਣ ਵੀ ਖਾ ਰਹੇ ਹਨ।

ਸ਼੍ਰੀ ਬਾਜਵਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਪਸ਼ਟ ਕਹਿ ਚੁੱਕੇ ਹਨ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਸੱਚ ਹਰ ਹਾਲਤ ਵਿਚ ਲੋਕਾਂ ਸਾਹਮਣੇ ਲਿਆ ਕੇ ਰਹਿਣਗੇ ਅਤੇ ਇਹਨਾਂ ਹਿਰਦੇਵੇਦਕ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਨੂੰਨੀ ਸਜ਼ਾਵਾਂ ਦਿਵਾਉਣਗੇ, ਦੋਸ਼ੀ ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਵੀ ਕਿਉਂ ਨਾ ਹੋਣ।

ਉਹਨਾਂ ਕਿਹਾ ਕਿ ਇਸ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸ਼ੱਕ ਕਰ ਕੇ ਜਨਤਕ ਬਿਆਨਬਾਜ਼ੀ ਕਰਨਾ ਵਿਰੋਧੀਆਂ ਦੇ ਹੱਥਾਂ ਵਿਚ ਖੇਡਣ ਤੋਂ ਬਿਨਾਂ ਹੋਰ ਕੁਝ ਨਹੀਂ ਹੈ।

ਤਿ੍ਰਪਤ ਬਾਜਵਾ ਨੇ ਰਾਜ ਸਭਾ ਮੈਂਬਰ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕਰਨ ਦੀ ਥਾਂ ਇਹਨਾਂ ਜ਼ਿਮਨੀ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਕੰਮ ਕਰਨ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES