ਯੈੱਸ ਪੰਜਾਬ
ਨਵੀ ਦਿੱਲੀ, 13 ਜੂਨ, 2019:
ਸ਼ਰਾਬ, ਰੀਅਲ ਐਸਟੇਟ, ਫ਼ਿਲਮਾਂ ਅਤੇ ਹੋਰ ਕਈ ਵੱਡੇ ਕਾਰੋਬਾਰਾਂ ’ਚ ਵੱਡਾ ਦਖ਼ਲ ਰੱਖਦੇ ਵੇਵਜ਼ ਗਰੁੱਪ ਦੇ ਵਾਈਸ ਚੇਅਰਮੈਨ ਮਨਪ੍ਰੀਤ ਸਿੰਘ ਚੱਢਾ ਉਰਫ਼ ਮੌਂਟੀ ਚੱਢਾ ਨੂੰ ਬੀਤੀ ਰਾਤ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗਿਰਫ਼ਤਾਰ ਕਰ ਲਿਆ ਗਿਆ ਹੈ।
ਪੌਂਟੀ ਚੱਢਾ, ਜੋ ਕਿ ਪ੍ਰਸਿੱਧ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦਾ ਬੇਟਾ ਹੈ, ਦੀ ਗਿਰਫ਼ਤਾਰੀ 100 ਕਰੋੜ ਦੀ ਧੋਖ਼ਾਧੜੀ ਦੇ ਮਾਮਲੇ ਵਿਚ ਉਸ ਵੇਲੇ ਹੋਈ ਜਦ ਉਹ ਥਾਈਲੈਂਡ ਜਾਣ ਦੀ ਤਿਆਰੀ ਵਿਚ ਸੀ।
ਯਾਦ ਰਹੇ ਕਿ ਪੌਂਟੀ ਚੱਢਾ ਅਤੇ ਉਨ੍ਹਾਂ ਦੇ ਭਰਾ ਹਰਦੀਪ ਸਿੰਘ ਚੱਢਾ ਦਾ ਆਪਸੀ ਰੰਜਿਸ਼ ਦੇ ਚਲਦਿਆਂ 12 ਨਵੰਬਰ 2012 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਪੌਂਟੀ ਚੱਢਾ ਦੇ ਕਾਰੋਬਾਰ ਨੂੰ ਉਨ੍ਹਾਂ ਦਾ ਬੇਟਾ ਪੌਂਟੀ ਚੱਢਾ ਸੰਭਾਲ ਰਿਹਾ ਹੈ।
ਇਹ ਗਿਰਫ਼ਤਾਰੀ ਦਿੱਲੀ ਪੁਲਿਸ ਵੱਲੋਂ ਉਸ ‘ਲੁੱਕ ਆਊਟ ਨੋਟਿਸ’ ਦੇ ਆਧਾਰ ’ਤੇ ਕੀਤੀ ਗਈ ਜਿਸ ਨੂੰ ਆਰਥਿਕ ਅਪਰਾਧ ਸ਼ਾਖ਼ਾ ਵੱਲੋਂ ਦਰਜ 100 ਕਰੋੜ ਦੀ ਧੋਖ਼ਾਧੜੀ ਦੇ ਸੰਬੰਧ ਵਿਚ ਦਰਜ ਕੀਤਾ ਗਿਆ ਹੈ।
ਪਤਾ ਲੱਗਾ ਹੈ ਕਿ ਮੌਂਟੀ ਚੱਢਾ ਇਸੇ ਮੁਕੱਦਮੇ ਤੋਂ ਬਚਣ ਲਈ ਥਾਈਲੈਂਡ ਜਾਣ ਦੀ ਤਿਆਰੀ ਵਿਚ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਸ ਦੇ ਨਾਂਅ ਦਾ ਲੁੱਕ ਆਊਟ ਨੋਟਿਸ ਜਾਰੀ ਹੋ ਚੁੱਕਾ ਹੈ।
ਦਿੱਲੀ ਦੀ ਆਰਥਿਕ ਅਪਰਾਧ ਸ਼ਾਖ਼ਾ ਦੇ ਐਡੀਸ਼ਨਲ ਕਮਿਸ਼ਨਰ ਸੁਵਾਸ਼ੀਸ਼ ਚੌਧਰੀ ਅਨੁਸਾਰ ਮੌਂਟੀ ਚੱਢਾ ਨੂੰ ਬੁੱਧਵਾਰ ਰਾਤ ਉਸ ਵੇਲੇ ਗਿਰਫ਼ਤਾਰ ਕੀਤਾ ਗਿਆ ਜਦ ਉਹ ਥਾਈਲੈਂਡ ਭੱਜ ਜਾਣ ਦੇ ਲਈ ਹਵਾਈ ਅੱਡੇ ਪਹੁੰਚਿਆ।
ਪਤਾ ਲੱਗਾ ਹੈ ਕਿ 100 ਕਰੋੜ ਤੋਂ ਵੱਧ ਦੀ ਧੋਖ਼ਾਧੜੀ ਦਾ ਇਹ ਕੇਸ ਨੈਸ਼ਨਲ ਹਾਈਵੇਅ ਨੰਬਰ 24 ’ਤੇ ਸਥਿਤ ਹਾਈ ਟੈਕ ਟਾਊਨਸ਼ਿਪ ਪ੍ਰਾਜੈਕਟ ਨਾਲ ਸੰਬੰਧਤ ਹੈ ਜਿਸ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਵੱਲੋਂ ਮੌਂਟੀ ਚੱਢਾ ਅਤੇ ਵੇਵਜ਼ ਗਰੁੱਪ ਦੇ ਹੋਰ ਪ੍ਰਮੋਟਰਾਂ ’ਤੇ ਉਨ੍ਹਾਂ ਨਾਲ ਧੋਖ਼ਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।