ਪੁੱਡਾ ਸਣੇ ਪੰਜਾਬ ਦੀਆਂ ਕਿਾਸ ਅਥਾਰਟੀਆਂ ਨੇ ਈ-ਨਿਲਾਮੀ ਰਾਹੀਂ 44.08 ਕਰੋੜ ਰੁਪਏ ਕਮਾਏ

ਚੰਡੀਗੜ੍ਹ/ਐਸ.ਏ.ਐਸ.ਨਗਰ, 14 ਅਗਸਤ, 2019:

ਪੁੱਡਾ ਅਤੇ ਪੰਜਾਬ ਦੀਆਂ ਹੋਰ ਵਿਕਾਸ ਅਥਾਰਟੀਆਂ ਨੇ ਆਈ.ਟੀ. ਸਨਅਤੀ ਪਲਾਟਾਂ, ਐਸ.ਸੀ.ਓਜ਼, ਬੂਥਾਂ ਅਤੇ ਰਿਹਾਇਸ਼ੀ ਪਲਾਟਾਂ ਆਦਿ ਦੀ ਈ-ਨਿਲਾਮੀ ਤੋਂ 44.08 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਗਮਾਡਾ, ਬੀ.ਡੀ.ਏ., ਗਲਾਡਾ, ਜੇ.ਡੀ.ਏ ਅਤੇ ਏ.ਡੀ.ਏ ਦੀਆਂ ਜਾਇਦਾਦਾਂ ਦੀ ਈ-ਆਕਸ਼ਨ ਮੰਗਲਵਾਰ ਨੂੰ ਸਮਾਪਤ ਹੋ ਗਈ ਸੀ ਪਰ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਦੇ ਅਧਿਕਾਰ ਖੇਤਰ ਹੇਠ ਆਉਂਦੀਆਂ ਜਾਇਦਾਦਾਂ ਦੀ ਨਿਲਾਮੀ ਅੱਜ ਸਮਾਪਤ ਹੋਈ। ਦੱਸਣਯੋਗ ਹੈ ਕਿ ਇਹ ਈ-ਨਿਲਾਮੀ 1 ਅਗਸਤ, 2019 ਨੂੰ ਸ਼ੁਰੂ ਹੋਈ ਸੀ।

ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਨੇ 12 ਜਾਇਦਾਦਾਂ ਦੀ ਸਫਲਤਾ ਪੂਰਵਕ ਨਿਲਾਮੀ ਕੀਤੀ, ਜਿਨ੍ਹਾਂ ਵਿੱਚ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਸਥਿਤ ਆਈ.ਟੀ. ਸਿਟੀ ਵਿਚਲੇ 02 ਆਈ.ਟੀ. ਸਨਅਤੀ ਪਲਾਟ ਅਤੇ ਐਸ.ਏ.ਐਸ.ਨਗਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਐਸ.ਸੀ.ਓਜ਼, ਬੂਥ ਅਤੇ ਰਿਹਾਇਸ਼ੀ ਪਲਾਟ ਸ਼ਾਮਲ ਹਨ। ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਤੋਂ ਗਮਾਡਾ ਨੂੰ 22 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ ਹੈ।

ਪੁੱਡਾ ਨੂੰ ਰਾਜ ਭਰ ਵਿੱਚ ਓ.ਯੂ.ਵੀ.ਜੀ.ਐਲ ਜਾਇਦਾਦਾਂ ਦੀ ਈ-ਨਿਲਾਮੀ ਤੋਂ 8.56 ਕਰੋੜ ਰੁਪਏ ਬੋਲੀ ਪ੍ਰਾਪਤ ਹੋਈ। ਗਲਾਡਾ ਨੇ 5.30 ਕਰੋੜ ਰੁਪਏ ਦੀ ਜਾਇਦਾਦਾਂ ਦੀ ਨਿਲਾਮੀ ਕੀਤੀ, ਬੀ.ਡੀ.ਏ ਨੇ 97.64 ਲੱਖ ਰੁਪਏ ਦੀਆਂ ਜਾਇਦਾਦਾਂ ਨਿਲਾਮ ਕੀਤੀਆਂ। ਇਸੇ ਤਰ੍ਹਾਂ ਏ.ਡੀ.ਏ ਅਤੇ ਜੇ.ਡੀ.ਏ ਨੇ ਜਾਇਦਾਦਾਂ ਦੀ ਈ-ਨਿਲਾਮੀ ਰਾਹੀਂ ਕ੍ਰਮਵਾਰ 1.98 ਕਰੋੜ ਰੁਪਏ ਅਤੇ 52.26 ਲੱਖ ਰੁਪਏ ਪ੍ਰਾਪਤ ਕੀਤੇ ਹਨ।

ਪੀ.ਡੀ.ਏ ਵੱਲੋਂ 4.74 ਕਰੋੜ ਦੀਆਂ ਜਾਇਦਾਦਾਂ ਨਿਲਾਮ ਕੀਤੀਆਂ ਗਈਆਂ ਹਨ। ਨਿਲਾਮ ਕੀਤੀਆਂ ਗਈਆਂ ਜਾਇਦਾਦਾਂ ਲੁਧਿਆਣਾ, ਬਠਿੰਡਾ, ਪਟਿਆਲਾ, ਜਲੰਧਰ, ਅ੍ਰੰਮਿਤਸਰ, ਮਲੋਟ, ਗੁਰਦਾਸਪੁਰ ਅਤੇ ਬਟਾਲਾ ਵਿਖੇ ਸਥਿਤ ਹਨ। ਜ਼ਿਕਰੋਯਗ ਹੈ ਕਿ ਨਿਲਾਮੀ ਦੀ ਕੁੱਲ ਰਕਮ ਦਾ 25 ਫ਼ੀਸਦ ਹਿੱਸਾ ਜਮ੍ਹਾਂ ਕਰਾਉਣ ‘ਤੇ ਅਲਾਟੀਆਂ ਨੂੰ ਸਬੰਧਤ ਜਗ੍ਹਾ ਦਾ ਕਬਜ਼ਾ ਸੌਂਪ ਦਿੱਤਾ ਜਾਵੇਗਾ।

ਵਿਕਾਸ ਅਥਾਰਟੀਆਂ ਵੱਲੋਂ ਇਹ 14ਵੀਂ ਈ-ਨਿਲਾਮੀ ਕਰਾਈ ਗਈ ਸੀ। ਹੁਣ ਤੱਕ ਕਰਵਾਈਆਂ ਗਈਆਂ ਈ-ਨਿਲਾਮੀਆਂ ਤੋਂ ਵਿਕਾਸ ਅਥਾਰਟੀਆਂ ਨੇ 2000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।