ਪੁਲਿਸ ਲਾਈਨ ਜਿੰਮ ਵਿੱਚ ਸਟੀਮ, ਸੋਨਾ ਬਾਥ ਦੀ ਸੁਵਿਧਾ ਮਿਲੇਗੀ, ਵਿਧਾਇਕ ਪਿੰਕੀ ਨੇ ਆਈ.ਜੀ ਤੇ ਐੱਸ.ਐੱਸ.ਪੀ. ਨੂੰ ਦਿੱਤਾ 5 ਲੱਖ ਦਾ ਚੈੱਕ

ਫ਼ਿਰੋਜ਼ਪੁਰ, 25 ਅਕਤੂਬਰ 2019:

ਪੁਲਿਸ ਲਾਈਨ ਸਥਿਤ ਜਿੰਮ ਵਿੱਚ ਜਲਦ ਹੀ ਸਟੀਮ ਵ ਸੋਨਾ ਬਾਥ ਦੀ ਸੁਵਿਧਾ ਸ਼ੁਰੂ ਹੋਵੇਗੀ, ਜਿਸ ਦਾ ਫ਼ਾਇਦਾ ਪੁਲਿਸ ਵਿਭਾਗ ਦੇ ਜਵਾਨਾਂ ਨੂੰ ਮਿਲੇਗਾ। ਇਹ ਵਿਚਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ੁੱਕਰਵਾਰ ਨੂੰ ਆਈ.ਜੀ. ਬੀ. ਚੰਦਰਸ਼ੇਖਰ, ਐੱਸਐੱਸਪੀ. ਵਿਵੇਕ ਐੱਸ.ਸੋਨੀ ਅਤੇ ਐੱਸ.ਪੀ ਬਲਜੀਤ ਸਿੰਘ ਨੂੰ ਉਕਤ ਸਰਵਿਸ ਸ਼ੁਰੂ ਕਰਨ ਦੇ ਲਈ 5 ਲੱਖ ਰੁਪਏ ਦਾ ਚੈੱਕ ਦਿੰਦੇ ਹੋਏ ਵਿਅਕਤ ਕੀਤੇ।

ਵਿਧਾਇਕ ਪਿੰਕੀ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਪੁਲਿਸ ਲਾਈਨ ਜਿੰਮ ਦੇ ਨਿਰਮਾਣ ਦੇ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ ਅਤੇ ਹੁਣ ਜਿੰਮ ਵਿੱਚ ਸਟੀਮ ਅਤੇ ਸੋਨਾ ਬਾਥ ਬਣਾਉਣ ਦੇ ਲਈ ਪੰਜ ਲੱਖ ਰੁਪਏ ਦਾ ਚੈੱਕ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਜਲਦ ਹੀ ਇਹ ਨਵੀਂ ਸੁਵਿਧਾਵਾਂ ਜਿੰਮ ਵਿੱਚ ਮਿਲਣਗੀਆਂ।

ਉਨ੍ਹਾਂ ਕਿਹਾ ਕਿ ਪੁਲਿਸ ਜਵਾਨਾਂ ਨੂੰ ਫਿੱਟ, ਸਿਹਤਮੰਦ ਅਤੇ ਖ਼ਾਸਕਰ ਸਟਰੈੱਸ ਫ਼ਰੀ ਰੱਖਣ ਦੇ ਲਈ ਸਟੀਮ ਅਤੇ ਸੋਨਾ ਬਾਥ ਕਾਫ਼ੀ ਕਾਰਗਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਕਿਸੇ ਵੀ ਖੇਤਰ ਦੇ ਕਿਸੇ ਵੀ ਸਰਕਾਰੀ ਜਿੰਮ ਵਿੱਚ ਨਹੀਂ ਹੈ।

ਸਿਰਫ਼ ਫ਼ਿਰੋਜ਼ਪੁਰ ਪੁਲਿਸ ਲਾਈਨ ਪਹਿਲਾ ਐਸਾ ਅਦਾਰਾ ਹੋਵੇਗਾ, ਜਿੱਥੇ ਇਹ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਲਾਈਨ ਵਿੱਚ ਅਤੇ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ।

ਐੱਸਐੱਸਪੀ. ਵਿਵੇਕ. ਐੱਸ.ਸੋਨੀ ਨੇ ਪੰਜ ਲੱਖ ਰੁਪਏ ਦਾ ਚੈੱਕ ਸੌਂਪਣ ਦੇ ਕੰਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਕਦਮ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਜਵਾਨਾਂ ਨੂੰ ਸਿਹਤਮੰਦ, ਤੰਦਰੁਸਤ ਅਤੇ ਸਟਰੈੱਸ ਫ਼ਰੀ ਰੱਖਣ ਦੇ ਲਈ ਕਈ ਤਰ੍ਹਾਂ ਦੇ ਕਦਮ ਉਠਾਏ ਜਾ ਰਹੇ ਹਨ।

ਇਸ ਦੇ ਤਹਿਤ ਯੋਗਾ ਕਲਾਸਾਂ ਵੀ ਕਰਵਾਈਆਂ ਜਾਂਦੀਆਂ ਹਨ। ਮਗਰ ਜਿੰਮ ਦਾ ਆਪਣਾ ਹੀ ਇੱਕ ਅਲੱਗ ਮਹੱਤਵ ਹੈ, ਜਿਸ ਦੇ ਲਈ ਉਨ੍ਹਾਂ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਪਿੰਕੀ ਵਿਕਾਸ ਦੇ ਏਜੰਡੇ ਤਹਿਤ ਸਾਰੇ ਵਰਗਾਂ ਦਾ ਬਰਾਬਰ ਧਿਆਨ ਰੱਖਦੇ ਹਨ।

Share News / Article

Yes Punjab - TOP STORIES