ਪੁਲਿਸ ਬਾਰੇ ਦਿੱਤੇ ‘ਇਤਰਾਜ਼ਯੋਗ ਬਿਆਨ’ ’ਤੇ ਘਿਰੇ ਨਵਜੋਤ ਸਿੱਧੂ ਨੇ ਆਖ਼ਰ ਮੰਗ ਲਈ ਮੁਆਫ਼ੀ

ਯੈੱਸ ਪੰਜਾਬ
ਚੰਡੀਗੜ੍ਹ, 29 ਦਸੰਬਰ, 2021:
ਸੁਲਤਾਨਪੁਰ ਲੋਧੀ ਅਤੇ ਬਟਾਲਾ ਵਿਖ਼ੇ ਕਾਂਗਰਸ ਦੀਆਂ ਸਟੇਜਾਂ ਤੋਂ ਪੁਲਿਸ ਬਾਰੇ ਦਿੱਤੇ ਆਪਣੇ ‘ਇਤਰਾਜ਼ਯੋਗ ਬਿਆਨਾਂ’ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੂੰ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਹੈ।

ਇਕ ਪੰਜਾਬੀ ਨਿਊਜ਼ ਚੈਨਲ ਨਾਲ ਇਕ ਢਾਬੇ ’ਤੇ ਕੀਤੀ ਜਾ ਰਹੀ ਜਨਤਕ ਇੰਟਰਵਿਊ ਦੌਰਾਨ ਜਦ ਸ: ਸਿੱਧੂ ਦਾ ਧਿਆਨ ਇਸ ਪਾਸੇ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਦਿੱਤੇ ਉਕਤ ਬਿਆਨ ਕਾਰਨ ਉਨ੍ਹਾਂ ਨੂੰ ਪੁਲਿਸ ਵਿਭਾਗ ਅਤੇ ਵਿਰੋਧੀ ਧਿਰਾਂ ਦੀ ਅਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤਾਂ ਪਹਿਲਾਂ ਤਾਂ ਉਹਨਾਂ ਆਖ਼ਿਆ ਕਿ ਉਹ ਤਾਂ ਕਾਫ਼ੀ ਥਾਂਵੇਂ ਕਾਫ਼ੀ ਲੰਬੇ ਚੌੜੇ ਭਾਸ਼ਣ ਦਿੰਦੇ ਹਨ ਪਰ ਇਸ ਤਰ੍ਹਾਂ ਦੀਆਂ ਗੱਲਾਂ ਚੋਣਾਂ ਨੇੜੇ ਹੀ ਮੁੱਦਾ ਬਣਾ ਲਈਆਂ ਜਾਂਦੀਆਂ ਹਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।

ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਵਿਖ਼ੇ ਕਾਂਗਰਸ ਵਿਧਾਇਕ ਸ: ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਰੈਲੀ ਦੌਰਾਨ ਅਤੇ ਬਟਾਲਾ ਵਿਖ਼ੇ ਕਾਂਗਰਸ ਆਗੂ ਸ੍ਰੀ ਅਸ਼ਵਨੀ ਸੇਖ਼ੜੀ ਦੇ ਹੱਕ ਵਿੱਚ ਚੋਣ ਰੈਲੀ ਦੌਰਾਨ ਸ: ਨਵਜੋਤ ਸਿੰਘ ਸਿੱਧੂ ਨੇ ਉਕਤ ਦੋਹਾਂ ਆਗੂਆਂ ਦੇ ਹਵਾਲੇ ਨਾਲ ਕਿਹਾ ਸੀ ਕਿ ‘ਇਹ ਆਗੂ ਖੰਗਾਰਾ ਮਾਰਣ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦੇ ਹਨ।’

ਸ:ਸਿੱਧੂ ਦੀ ਇਸ ਗੱਲ ਨੂੂੰ ਲੈ ਕੇ ਵਿਵਾਦ ਭਖ਼ ਗਿਆ ਸੀ ਅਤੇ ਚੰਡੀਗੜ੍ਹ ਦੇ ਇਕ ਡੀ.ਐਸ.ਪੀ. ਦਿਲਸ਼ੇਰ ਸਿੰਘ ਚੰਦੇਲ, ਜਲੰਧਰ ਪੁਲਿਸ ਦੇ ਇਕ ਸਬ-ਇੰਸਪੈਕਟਰ ਸ: ਬਲਬੀਰ ਸਿੰਘ ਅਤੇ ਅੰਮ੍ਰਿਤਸਰ ਦੇ ਇਕ ਹੌਲਦਾਰ ਸ: ਸੰਦੀਪ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਸ: ਸਿੱਧੂ ਦੇ ਇਸ ਬਿਆਨ ਦੀ ਤਿੱਖੀ ਅਲੋਚਨਾ ਕੀਤੀ ਸੀ।

ਡੀ.ਐਸ.ਪੀ. ਦਿਲਸ਼ੇਰ ਸਿੰਘ ਚੰਦੇਲ ਨੇ ਤਾਂ ਸ:ਸਿੱਧੂ ਖਿਲਾਫ਼ ਮਾਨਹਾਨੀ ਦਾ ਮਾਮਲਾ ਵੀ ਦਾਇਰ ਕੀਤਾ ਸੀ ਜਦਕਿ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਪੰਜਾਬ ਦੇ ਡੀ.ਜੀ.ਪੀ.ਨੂੰ ਅਪੀਲ ਕੀਤੀ ਸੀ ਕਿ ਉਹ ਇਸ ਤਰ੍ਹਾਂ ਕੀਤੀ ਜਾਣ ਵਾਲੀ ਬਿਆਨਬਾਜ਼ੀ ਦਾ ਨੋਟਿਸ ਲੈਣ ਕਿਉਂਕਿ ਇਸ ਨਾਲ ਪੁਲਿਸ ਫ਼ੋਰਸ ਦੇ ਮਨੋਬਲ ’ਤੇ ਮਾੜਾ ਪ੍ਰਭਾਵ ਪਵੇਗਾ। ਅੰਮ੍ਰਿਤਸਰ ਦੇ ਹੌਲਦਾਰ ਸੰਦੀਪ ਸਿੰਘ ਨੇ ਤਾਂ ਮੁੱਛਾਂ ਨੂੰ ਤਾਅ ਦਿੰਦਿਆਂ ਸ: ਸਿੱਧੂ ਨੂੰ ਸਿੱਧੇ ਤੌਰ ’ਤੇ ਚੁਣੌਤੀ ਹੀ ਦੇ ਦਿੱਤੀ ਸੀ ਕਿ ਉਹ ਉਨ੍ਹਾਂ ਨੂੰ ਖ਼ੰਗਾਰਾ ਮਾਰ ਕੇ ਵੇਖ਼ ਲੈਣ, ਜੇ ਉਸ ਦੇ ਮੂੰਹ ’ਤੇ ਪਸੀਨੇ ਦੀ ਬੂੰਦ ਵੀ ਆਈ ਤਾਂ ਉਹ ਉਹਨਾਂ ਦੀ ਜੁੱਤੀ ਵਿੱਚ ਪਾਣੀ ਪੀ ਲਵੇਗਾ।

ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਸੰਸਦ ਮੈਂਬਰ ਸ: ਰਵਨੀਤ ਸਿੰਘ ਬਿੱਟੂ ਸਣੇ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕਈ ਪਾਰਟੀਆਂ ਦੇ ਆਗੂਆਂ ਨੇ ਸ: ਸਿੱਧੂ ਦੀ ਇਸ ਲਈ ਤਿੱਖੀ ਅਲੋਚਨਾ ਕੀਤੀ ਸੀ ਜਦਕਿ ਸ੍ਰੀ ਅਸ਼ਵਨੀ ਸੇਖ਼ੜੀ ਨੇ ਸ:ਸਿੱਧੂ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਸ: ਸਿੱਧੂ ਨੇ ਪੁਲਿਸ ਬਾਰੇ ਅਜੇ ਜੋ ਆਖ਼ਿਆ ਹੈ, ਉਹ ਬਹੁਤ ਥੋੜ੍ਹਾ ਹੈ, ਇਸ ਤੋਂ ਬਹੁਤ ਜ਼ਿਆਦਾ ਕਹਿਣਾ ਚਾਹੀਦਾ ਸੀ।