ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੱਲੋਂ ਨਸ਼ੇ ਦੀ ਵਰਤੋਂ ਕਰਦਾ ਪੁਲਿਸ ਕਰਮੀ ਬਰਖ਼ਾਸਤ, ਹੋਮ ਗਾਰਡ ਵਿਰੁੱਧ ਕਾਰਵਾਈ ਦੀ ਸਿਫਾਰਿਸ਼

ਜਲੰਧਰ 14 ਸਤੰਬਰ 2019:
ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਅੱਜ ਸ਼ਾਮ ਮਿੱਠੂ ਬਸਤੀ ਵਿਖੇ ਇਕ ਘਰ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਪਾਏ ਜਾਣ ‘ਤੇ ਦੋ ਪੁਲਿਸ ਕਰਮਚਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕਰਦਿਆਂ ਇਕ ਪੁਲਿਸ ਕਰਮਚਾਰੀ ਨੂੰ ਬਰਖਾਸ਼ਤ ਕਰ ਦਿੱਤਾ ਗਿਆ ਜਦਕਿ ਹੋਮ ਗਾਰਡ ਦੇ ਕਰਮਚਾਰੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਸ਼ਿਫਾਰਸ਼ ਕੀਤੀ ਗਈ।

ਦੋਵਾਂ ਪੁਲਿਸ ਕਰਮੀਆਂ ਦੀ ਪਹਿਚਾਣ ਅਮਰਜੋਤ ਮੁਹੱਲਾ ਉਚੀ ਘਾਟੀ ਫਿਲੌਰ ਅਤੇ ਨਿਰਮਲ ਸਿੰਘ ਨਿਊ ਰਤਨ ਨਗਰ ਵਜੋਂ ਹੋਈ ਹੈ। ਅਮਰਜੋਤ ਪੰਜਾਬ ਪੁਲਿਸ ਦਾ ਕਰਮਚਾਰੀ ਹੈ ਤੇ ਬਸਤੀ ਬਾਵਾ ਖੇਡ ਪੁਲਿਸ ਸਟੇਸ਼ਨ ਵਿਖੇ ਤਾਇਨਾਤ ਹੈ ਜਦਕਿ ਨਿਰਮਲ ਸਿੰਘ ਹੋਮ ਗਾਰਡ ਦਾ ਕਰਮਚਾਰੀ ਹੈ ਅਤੇ ਪੁਲਿਸ ਡਵੀਜ਼ਨ ਨੰਬਰ 2 ਵਿਖੇ ਤਾਇਨਾਤ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਭੁੱਲਰ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਸਟੇਸ਼ਨ ਬਸਤੀ ਬਾਵਾ ਖੇਲ ਦੇ ਸਬ ਇੰਸਪੈਕਟਰ ਕਿਸਨ ਚੰਦ ਦੀ ਅਗਵਾਈ ਵਿੱਚ ਮਿੱਠੂ ਬਸਤੀ ਦੇ ਇਕ ਘਰ ਵਿੱਚ ਛਾਪਾ ਮਾਰਿਆ ਗਿਆ ਜਿਥੇ ਦੋਵੇਂ ਪੁਲਿਸ ਕਰਮਚਾਰੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਪਾਏ ਗਏ।

ਉਨ੍ਹਾਂ ਦੱਸਿਆ ਕਿ ਗੈਰ ਕਾਨੂੰਨੀ ਕੰਮ ਵਿੱਚ ਲਿਪਤ ਕਿਸੇ ਪੁਲਿਸ ਕਰਮਚਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨਾ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪੁਲਿਸ ਕਰਮਚਾਰੀਆਂ ਖਿਲਾਫ਼ ਐਨ.ਡੀ.ਪੀ.ਐਸ.ਐਕਟ 27 ਅਧੀਨ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰੀ ਪੁਲਿਸ ਜ਼ਿਲ੍ਹੇ ਵਿਚੋਂ ਨਸ਼ੇ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਨਸ਼ਿਆਂ ਦੇ ਘਿਨੌਣੇ ਜੁਰਮ ਵਿੱਚ ਲਿਪਤ ਕਿਸੇ ਵੀ ਵਿਅਕਤੀ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿਚ ਜੁੜੇ ਕਿਸੇ ਔਰਤ ਤੇ ਮਰਦ ਨੂੰ ਬਖਸ਼ਿਆਂ ਨਹੀਂ ਜਾਵੇਗਾ।

ਸ੍ਰ.ਭੁੱਲਰ ਨੇ ਦੱਸਿਆ ਕਿ ਸ਼ਹਿਰੀ ਪੁਲਿਸ ਵਲੋਂ ਜਿਥੇ ਨਸ਼ਿਆਂ ਦੀ ਸਪਲਾਈ ਨੂੰ ਰੋਕਣ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਉਥੇ ਇਸ ਨੂੰ ਹੇਠਲੇ ਪੱਧਰ ‘ਤੇ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਕਰਮਚਾਰੀਆਂ ਦੀਆਂ ਗਤੀਵਿਧੀਆਂ ‘ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਨਸ਼ਿਆਂ ਦੀ ਲਾਹਨਤ ਨੂੰ ਜ਼ਿਲ੍ਹੇ ਵਿਚੋਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ।

Share News / Article

Yes Punjab - TOP STORIES