ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਪਹਿਲ ਦੇਣ ਦੀਆਂ ਹਦਾਇਤਾਂ

ਜਲੰਧਰ, 02 ਦਸੰਬਰ 2019:

ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਕਰਮੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਪਹਿਲ ਦੇ ਅਧਾਰ ’ਤੇ ਯਕੀਨੀ ਬਣਾਇਆ ਜਾਵੇ।

ਤੇਲੰਗਾਨਾ ਵਿੱਚ ਹੋਈ ਦੁਰਘਟਨਾਂ ਤੋਂ ਬਾਅਦ ਸਥਾਨਿਕ ਪੁਲਿਸ ਲਾਈਨ ਵਿਖੇ ਪੁਲਿਸ ਅਧਿਕਾਰੀਆਂ ਤੇ ਹੋਰ ਸਬੰਧਿਤਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰੀ ਪੁਲਿਸ ਹਰ ਕੀਮਤ ’ਤੇ ਔਰਤਾਂ ਦਾ ਮਾਣ ਸਨਮਾਨ ਦੀ ਰੱਖਿਆ ਲਈ ਵਚਨਬੱਧ ਹੈ।

ਉਨ੍ਹਾ ਕਿਹਾ ਕਿ ਔਰਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਨੂੰ ਜਾਗਰੂਕ ਕੀਤਾ ਗਿਆ ਹੈ। ਸ੍ਰੀ ਭੁੱਲਰ ਨੇ ਕਿਹਾ ਕਿ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਤੇਜ਼ੀ ਨਾਲ ਰੋਕਣ ਲਈ ਪੁਲਿਸ ਵਿਭਾਗ ਜਵਾਬਦੇਹ ਹੈ ਅਤੇ ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਨੂੰ ਰੋਕਣ ਵਿੱਚ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਔਰਤਾਂ ਨੂੰ ਸਮੇਂ ਸਿਰ ਸਹਾਇਤਾ ਮੁਹੱਈਆ ਕਰਵਾਕੇ ਦੋਸ਼ੀਆਂ ਨੁੂੰ ਫੜਿਆ ਜਾਵੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਔਰਤਾਂ ਵਿਰੁੱਧ ਹੁੰਦੇ ਜੁਰਮਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਉਪਰਾਲੇ ਕੀਤੇ ਜਾਣੇ ਬਹੁਤ ਜਰੂਰੀ ਹਨ।

ਸ੍ਰੀ ਭੁੱਲਰ ਨੇ ਕਿਹਾ ਕਿ ਮਹਿਲਾ ਹਥਿਆਰਬੰਦ ਵਿਸ਼ੇਸ਼ ਸੁਰੱਖਿਆ ਸਕੂਐਡ ਦੀਆਂ 14 ਟੀਮਾਂ ਵਲੋਂ ਪਹਿਲਾਂ ਹੀ ਸ਼ਹਿਰ ਵਿੱਚ ਔਰਤਾਂ ਦੀ ਸੁਰੱਖਿਆ ਲਈ ਕੰਮ ਕਰ ਰਹੀਆਂ ਜਿਸ ਦੇ ਬਹੁਤ ਹੀ ਉਸਾਰੂ ਸਿੱਟੇ ਸਾਹਮਣੇ ਆ ਰਹੇ ਹਨ ਤੇ ਔਰਤਾਂ ਪੂਰੇ ਆਤਮ ਵਿਸ਼ਵਾਸ ਨਾਲ ਮਹਿਲਾ ਕਮਾਂਡੋ ਬਲਾਂ ਪਾਸ ਛੇੜਛਾੜ ਅਤੇ ਹੋਰਨਾਂ ਅਪਰਾਧਾਂ ਦੀ ਸ਼ਿਕਾਇਤ ਕਰਨ ਲਈ ਪਹੁੰਚ ਕਰ ਰਹੀਆਂ ਹਨ।

ਪੁਲਿਸ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਮਹਿਲਾਵਾਂ ਵਲੋਂ ਕੋਈ ਸ਼ਿਕਾਇਤ ਦਰਜ਼ ਕਰਵਾਈ ਜਾਂਦੀ ਹੈ ਤਾਂ ਉਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮਹਿਲਾ ਕਾਲਜ, ਸਕੂਲਾਂ, ਸਹਿ ਸਿੱਖਿਆ ਸੰਸਥਾਵਾਂ, ਕੰਨਿਆਂ ਹੋਸਟਲਾਂ ਅਤੇ ਰੁਝੇਵੇਂ ਭਰੇ ਬਜ਼ਾਰਾਂ, ਮਾਲਾਂ, ਸਿਨੇਮਾ ਘਰਾਂ ਅਤੇ ਹੋਰ ਅਜਿਹੇ ਸਥਾਨਾਂ ’ਤੇ ਜਿਥੇ ਔਰਤਾਂ ਕੰਮ ਕਰਦੀਆਂ ਹਨ ਵਿਖੇ ਚੌਕਸੀ ਨੂੰ ਵਧਾਇਆ ਜਾਵੇ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰੀ ਪੁਲਿਸ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਅਤੇ ਉਨਾਂ ਨੂੰ ਛੇੜਖਾਨੀ, ਚੇਨ ਸਨੈਚਿੰਗ ਅਤੇ ਹੋਰ ਅਪਰਾਧਾਂ ਤੋਂ ਬਚਾਉਣ ਲਈ ਵਚਨਬੱਧ ਹੈ। ਉਨ੍ਹਾ ਔਰਤਾਂ ਵਿਰੁੱਧ ਹੁੰਦੇ ਜੁਰਮਾਂ ਨੂੰ ਰੋਕਣ ਲਈ ਮੀਟਿੰਗ ਵਿੱਚ ਹਾਜ਼ਰ ਟੈਕਸੀ ਪ੍ਰਧਾਨਾਂ, ਆਟੋ ਰਿਕਸ਼ਾ ਅਤੇ ਹੋਰ ਸਬੰਧਿਤ ਅਦਾਰਿਆਂ ਨੂੰ ਪੂਰਨ ਸਹਿਯੋਗ ਦੀ ਅਪੀਲ ਕੀਤੀ।

ਸ੍ਰੀ ਭੁੱਲਰ ਨੇ ਮਹਿਲਾ ਹਥਿਆਰਬੰਦ ਵਿਸ਼ੇਸ਼ ਸੁਰੱਖਿਆ ਸਕੂਐਡ ਅਤੇ ਵੁਮੈਨ ਹੈਲਪ ਲਾਈਨ ਨੰਬਰ 1091 ਤੇ 112 ’ਤੇ ਤਾਇਨਾਤ ਟੀਮਾਂ ਨੂੰ ਮਹਿਲਾਵਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਵੀ ਕਿਹਾ।