ਚੰਡੀਗੜ੍ਹ 15 ਜੁਲਾਈ, 2019 –
ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਸਬ ਡਵੀਜਨ ਪੀ.ਐਸ.ਪੀ.ਸੀ.ਐਲ ਲੁਬਾਣਿਆ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਲਾਈਨਮੈਨ ਰਾਜੂ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ।
ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਕੌਰ ਵਾਸੀ ਪਿੰਡ ਸੰਗਰਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਨੇ ਵਿਜੀਲੈਂਸ ਬਿਓਰੋ ਕੋਲ ਸ਼ਿਕਾਇਤ ਕੀਤੀ ਕਿ ਉਸ ਦੇ ਘਰ ਬੀ.ਸੀ ਕੈਟਾਗਰੀ ਅਧੀਨ ਲੱਗੇ ਬਿਜਲੀ ਦੇ ਮੀਟਰ ਨੂੰ ਨਾ ਪੁੱਟਣ ਬਦਲੇ ਉਕਤ ਲਾਈਨਮੈਨ 7,000 ਰੁਪਏ ਦੀ ਰਿਸ਼ਵਤ ਮੰਗ ਕਰ ਰਿਹਾ ਹੈ ਅਤੇ 2000 ਰੁਪਏ ਪਹਿਲੀ ਕਿਸ਼ਤ ਵਜੋ ਉਕਤ ਲਾਈਨਮੈਨ ਵਲੋਂ ਪਹਿਲਾਂ ਹੀ ਪ੍ਰਾਪਤ ਕੀਤੇ ਜਾ ਚੁੱਕੇ ਹਨ।
ਉਨਾਂ ਦੱਸਿਆ ਕਿ ਬਿਓਰੋ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਵਿਜੀਲੈਂਸ ਦੀ ਟੀਮ ਨੇ ਦੋਸ਼ੀ ਲਾਈਨਮੈਨ ਨੂੰ ਬਾਕੀ ਦੂਜੀ ਕਿਸ਼ਤ ਦੇ 5,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਰਿਸ਼ਵਤ ਦੀ ਰਕਮ ਮੌਕੇ ਉਪਰ ਹੀ ਬਰਾਮਦ ਕਰ ਲਈ। ਇਸ ਸਬੰਧੀ ਥਾਣਾ ਵਿਜੀਲੈਂਸ ਬਿਓਰੋ ਫਿਰੋਜਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਜਾਰੀ ਹੈ।