ਪੀ.ਐਮ.ਸੀ. ਬੈਂਕ ਦਾ ਸੂਬੇ ਵਿਚਲੇ ਪੰਜਾਬ ਦੇ ਸਹਿਕਾਰੀ ਬੈਂਕਾਂ ਨਾਲ ਨਾਲ ਕੋਈ ਸਬੰਧ ਨਹੀਂ: ਡਾ. ਐਸ.ਕੇ. ਬਾਤਿਸ਼

ਚੰਡੀਗੜ੍ਹ, 14 ਅਕਤੂਬਰ, 2019:

ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐਮ.ਸੀ.), ਜੋ ਕਿ ਹਾਊਸਿੰਗ ਡਿਵੈਲਪਮੈਂਟ ਐਂਡ ਇਨਫਰਾਸਟ੍ਰੱਕਚਰ (ਐਚ.ਡੀ.ਆਈ.ਐਲ.) ਲਿਮ. ਨੂੰ ਗਲਤ ਢੰਗ ਨਾਲ ਕਰਜੇ ਦੇਣ ਅਤੇ ਲੱਖਾਂ ਗ੍ਰਾਹਕਾਂ ਦੀ ਜਮ੍ਹਾਂ ਰਕਮ ਨੂੰ ਖਤਰੇ ਵਿਚ ਪਾਉਣ ਲਈ ਸੁਰਖੀਆਂ ਵਿਚ ਰਿਹਾ ਹੈ, ਮਹਾਰਾਸ਼ਟਰ ਦਾ ਸ਼ਹਿਰੀ ਸਹਿਕਾਰੀ ਬੈਂਕ ਹੈ ਜਿਸ ਦਾ ਪੰਜਾਬ ਸੂਬੇ ਵਿਚਲੇ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨਾਲ ਕੋਈ ਸਬੰਧ ਨਹੀਂ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ. ਦੇ ਐਮ.ਡੀ. ਡਾ. ਐਸ.ਕੇ. ਬਾਤਿਸ਼ ਨੇ ਕਿਹਾ ਕਿ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ., ਚੰਡੀਗੜ੍ਹ ਅਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਆਪਣੀਆਂ 800 ਤੋਂ ਜ਼ਿਆਦਾ ਸ਼ਾਖਾਵਾਂ ਨਾਲ ਪੰਜਾਬ ਦੇ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿਹਨਾਂ ਦੀ ਵਿੱਤੀ ਹਾਲਤ ਬਿਲਕੁੱਲ ਦਰੁਸਤ ਹੈ।

ਕੁਝ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ 100 ਸਾਲ ਤੋਂ ਵੱਧ ਪੁਰਾਣੇ ਹਨ। ਇਹ ਬੈਂਕ ਸੂਬੇ ਦੇ 9 ਲੱਖ ਤੋਂ ਜ਼ਿਆਦਾ ਕਿਸਾਨਾਂ ਦੀਆਂ ਸਮਾਜਿਕ-ਆਰਥਿਕਾਂ ਲੋੜਾਂ ਦੀ ਪੂਰਤੀ ਕਰ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਬੈਂਕਾਂ ਤੋਂ 39 ਲੱਖ ਜਮ੍ਹਾਂਕਰਤਾ ਅਤੇ 16 ਲੱਖ ਕਰਜ਼ਦਾਰ ਬੈਂਕਿੰਗ ਸੇਵਾਵਾਂ ਲੈ ਰਹੇ ਹਨ।

ਪੰਜਾਬ ਦੇ ਸਹਿਕਾਰੀ ਬੈਂਕਾਂ ਦੇ ਗ੍ਰਾਹਕਾਂ ਨੂੰ ਭਰੋਸਾ ਦਿੰਦਿਆਂ ਡਾ. ਬਾਤਿਸ਼ ਨੇ ਕਿਹਾ ਕਿ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦਾ ਕੁੱਲ਼ 34000 ਕਰੋੜ ਰੁਪਏ ਦਾ ਕਾਰੋਬਾਰ ਹੈ। ਸੂਬੇ ਦੇ ਕਿਸਾਨਾਂ ਨੂੰ 9200 ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ੇ ਪ੍ਰਦਾਨ ਕੀਤੇ ਗਏ ਹਨ।

ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਸੂਬੇ ਦੇ ਖੇਤੀਬਾੜੀ ਲੋਨ ਪ੍ਰਦਾਨ ਕਰਨ ਵਾਲੀਆਂ ਵੱਡੀਆਂ ਇਕਾਈਆਂ ਵਿੱਚੋਂ ਇਕ ਹੈ। ਇਹ ਦੱਸਣਯੋਗ ਹੈ ਸੂਬੇ ਦੇ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਸਾਰੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਆਰ.ਬੀ.ਆਈ ਅਤੇ ਨਬਾਰਡ, ਸੀ.ਆਰ.ਏ.ਆਰ., ਸੀ.ਆਰ.ਆਰ ਅਤੇ ਐਸ.ਐਲ.ਆਰ ਆਦਿ ਵਲੋਂ ਤੈਅ ਨਿਯਮਾਂ ਦੀ ਪਾਲਣਾ ਕਰਦੇ ਹਨ।

ਡਾ. ਬਾਤਿਸ਼ ਨੇ ਪੰਜਾਬ ਦੇ ਸਹਿਕਾਰੀ ਬੈਂਕਾਂ ਦੇ ਜਮ੍ਹਾਂਕਰਤਾ ਅਤੇ ਕਰਜ਼ਦਾਰਾਂ ਨੂੰ ਬੈਂਕ ਨਾਲ ਬਿਨ੍ਹਾਂ ਕਿਸੇ ਡਰ ਦੇ ਲੈਣ-ਦੇਣ ਕਰਨ ਲਈ ਪ੍ਰੇਰਿਤ ਕੀਤਾ।

Share News / Article

Yes Punjab - TOP STORIES