ਪਿੰਡ ਮਹਿਰਾ ਜੱਟਾਂ ਦੇ 11 ਵਿਅਕਤੀਆਂ ਵਲੋਂ 12 ਏਕੜ, 5 ਕਨਾਲਾਂ ਤੇ 8 ਮਰਲਿਆਂ ’ਚ ਕੀਤਾ ਗਿਆ ਸੀ ਕਬਜਾ

ਯੈੱਸ ਪੰਜਾਬ
ਹੁਸ਼ਿਆਰਪੁਰ, 6 ਮਈ, 2022 –
ਜ਼ਿਲ੍ਹਾ ਪ੍ਰਸਾਸ਼ਨ ਵਲੋਂ ਨਜਾਇਜ਼ ਕਬਜੇ ਛੁਡਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਮਹਿਰਾ ਜੱਟਾਂ (ਬਲਾਕ ਤਲਵਾੜਾ) ਵਿਖੇ ਕਰੀਬ 15 ਸਾਲ ਤੋਂ ਪਿੰਡ ਦੇ 11 ਵਿਅਕਤੀਆਂ ਵਲੋਂ ਪੰਚਾਇਤੀ ਜ਼ਮੀਨ ਵਿੱਚ ਕੀਤਾ ਨਜਾਇਜ਼ ਕਬਜਾ ਛੁਡਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਇਹ ਕਬਜਾ ਬੀ.ਡੀ.ਪੀ.ਓ ਤਲਵਾੜਾ ਸ਼੍ਰੀ ਸੁਖਪ੍ਰੀਤ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਛੁਡਾਇਆ ਗਿਆ ਅਤੇ ਇਸ ਸਮੇਂ ਨਾਇਬ ਤਹਿਸੀਲਦਾਰ ਸ਼੍ਰੀ ਗੁਰਸੇਵਕ ਚੰਦ ਤੋਂ ਇਲਾਵਾ ਹੋਰ ਵੀ ਕਰਮਚਾਰੀ ਮੌਜੂਦ ਸਨ।

ਇਹ ਕਬਜਾ ਪਿੰਡ ਦੀ 12 ਏਕੜ, 5 ਕਨਾਲਾਂ ਤੇ 8 ਮਰਲਿਆਂ ਦੀ ਪੰਚਾਇਤੀ ਜ਼ਮੀਨ ਵਿੱਚ ਕੀਤਾ ਗਿਆ ਸੀ। ਕਬਜਾ ਛੁਡਾਉਣ ਤੋਂ ਬਾਅਦ ਬੀ.ਡੀ.ਪੀ.ਓ ਤਲਵਾੜਾ ਨੇ ਦੱਸਿਆ ਕਿ 13 ਮਈ ਨੂੰ ਖੁੱਲ੍ਹੀ ਬੋਲੀ ਰਾਹੀਂ ਇਸ ਜ਼ਮੀਨ ਨੂੰ ਪਟੇ ’ਤੇ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਪਿੰਡਾਂ ਵਿਚ ਨਜਾਇਜ਼ ਕਬਜ਼ੇ ਛੁਡਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਬੀ.ਡੀ.ਪੀ.ਓਜ਼ ਵਲੋਂ ਅਜਿਹੇ ਪਿੰਡਾਂ ਦੀ ਸੂਚੀ ਤਿਆਰ ਕਰਕੇ ਕਬਜ਼ਾਕਾਰਾਂ ਕੋਲੋਂ ਕਬਜ਼ੇ ਛੁਡਵਾਏ ਜਾਣਗੇ। ਉਨ੍ਹਾਂ ਬੀ.ਡੀ.ਪੀ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਜਾਇਜ਼ ਕਬਜ਼ੇ ਹਟਾਉਣ ਲਈ ਪੂਰੀ ਗੰਭੀਰਤਾ ਦਿਖਾਈ ਜਾਵੇ, ਕਿਉਂਕਿ ਪੰਜਾਬ ਸਰਕਾਰ ਇਸ ਪ੍ਰਤੀ ਪੂਰੀ ਗੰਭੀਰ ਹੈ।

ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਿਸੇ ਵੀ ਵਿਅਕਤੀ ਦਾ ਨਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਕਬਜ਼ਾਕਾਰਾਂ ਵਲੋਂ ਕਬਜ਼ੇ ਕੀਤੇ ਗਏ ਹਨ, ਉਹ ਤੁਰੰਤ ਬੀ.ਡੀ.ਪੀ.ਓਜ਼ ਨੂੰ ਵਾਪਸ ਸੌਂਪ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਬਜ਼ਾਕਾਰਾਂ ਵਲੋਂ ਆਪਣੇ ਨਜਾਇਜ਼ ਕਬਜ਼ੇ ਅਧੀਨ ਜ਼ਮੀਨ ਨਾ ਛੱਡੀ ਗਈ, ਤਾਂ ਕਾਨੂੰਨ ਮੁਤਾਬਕ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕਈ ਪਿੰਡਾਂ ਵਿਚ ਗਰਾਮ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ’ਤੇ ਵੀ ਨਜਾਇਜ਼ ਕਬਜ਼ੇ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਜਿੱਥੇ ਲਿੰਕ ਰੋਡ ਜਾਂ ਹੋਰ ਸੜਕਾਂ, ਰਸਤਿਆਂ ਦੇ ਆਲੇ-ਦੁਆਲੇ ਜਾਂ ਸੜਕਾਂ ਦੇ ਬਰਮਾ ’ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਥੇ ਕਈ ਪਿੰਡਾਂ ਵਿਚ ਸੜਕਾਂ ਅਤੇ ਆਮ ਰਸਤਿਆਂ ਦੇ ਆਸੇ-ਪਾਸੇ ਢੇਰ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਜਾਇਜ਼ ਕਬਜਿਆਂ ਕਾਰਨ ਆਵਾਜਾਈ ਵਿੱਚ ਵਿਘਨ ਤਾਂ ਪੈਂਦਾ ਹੀ ਹੈ, ਨਾਲ ਆਮ ਜਨਤਾ ਨੂੰ ਮੁਸ਼ਕਿਲ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ