ਪਿੰਡ ਜਾਨੀਆ ਚਾਹਲ ਵਿਖੇ ਧੁੱਸੀ ਬੰਨ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਐਤਵਾਰ ਤਕ ਹੋਵੇਗਾ ਮੁਕੱਮਲ: ਡੀ ਸੀ ਜਲੰਧਰ

ਲੋਹੀਆਂ (ਜਲੰਧਰ), 31 ਅਗਸਤ, 2019:

ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਪਿੰਡ ਜਾਨੀਆ ਚਾਹਲ ਵਿਖੇ ਧੁੱਸੀ ਬੰਨ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਅੱਧੇ ਤੋਂ ਵੱਧ ਪੂਰਾ ਹੋ ਚੁੱਕਿਆ ਹੈ ਅਤੇ ਇਸ ਕੰਮ ਦੇ ਅੱਜ (ਐਤਵਾਰ) ਦੇਰ ਸ਼ਾਮ ਤਕ ਮੁਕੰਮਲ ਹੋਣ ਦੀ ਆਸ ਹੈ ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ, ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਮਨਰੇਗਾ ਕਾਮਿਆਂ, ਸਿੰਚਾਈ ਵਿਭਾਗ ਦੇ ਠੇਕੇਦਾਰ ਦੇ ਕਾਮਿਆਂ, ਪੰਚਾਇਤਾਂ ਦੇ ਵਲੰਟੀਅਰਾਂ ਸਮੇਤ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਸਵੈ ਸੇਵਕਾਂ ਵਲੋਂ ਪਿੰਡ ਜਾਨੀਆ ਚਾਹਲ ਦੇ ਵਿਚ ਪਏ 500 ਫੁਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਭਾਰਤੀ ਫੌਜ ਦੀ ਰਹਿਨੁਮਾਈ ਹੇਠ ਕੀਤਾ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਸਿੰਚਾਈ ਵਿਭਾਗ ਦੇ ਅਧਿਕਾਰੀ ਇਸ ਸਾਰੇ ਕੰਮ ਦੀ ਦੇਖ ਰੇਖ ਕਰ ਰਹੇ ਹਨ । ਉਹਨਾਂ ਕਿਹਾ ਕਿ ਹੁਣ ਤਕ ਇਸ ਪਾੜ ਨੂੰ ਪੂਰਨ ਲਈ 325 ਵੱਡੇ ਪੱਥਰਾਂ ਦੇ ਬੰਨੇ ਦੇ ਨਾਲ ਨਾਲ 325 ਫੁਟ ਮਿੱਟੀ ਦੇ ਬੋਰੀਆਂ ਦਾ ਬੰਨਾ ਉਸਾਰਿਆ ਜਾ ਚੁੱਕਿਆ ਹੈ ।

ਉਹਨਾਂ ਕਿਹਾ ਕਿ ਸ਼ਾਹਕੋਟ ਸਬ ਡਿਵੀਜਨ ਦੇ ਵਿਚ ਪਏ ਸਾਰੇ ਪਾੜਾਂ ਨੂੰ ਪੂਰਨ ਦੇ ਲਈ 20 ਲੱਖ ਮਿੱਟੀ ਦੇ ਬੋਰੇ, 5 ਲੱਖ ਘਣ ਵੱਡੇ ਪੱਥਰ ਤੇ 1000 ਕੁਇੰਟਲ ਤਾਰ ਲੋੜੀਂਦੀ ਹੈ । ਉਹਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਇਹ ਵੱਡੇ ਪੱਥਰ ਪਠਾਨਕੋਟ ਤੋਂ ਮੰਗਵਾਏ ਗਏ ਹਨ ਜਦਕਿ ਮਿੱਟੀ ਦੇ ਬੋਰੇ ਮਨਰੇਗਾ ਕਾਮਿਆਂ ਵਲੋਂ ਪਿੰਡਾਂ ਵਿੱਚੋ ਭਰੇ ਜਾ ਰਹੇ ਹਨ ।

ਉਹਨਾਂ ਕਿਹਾ ਕਿ ਵੱਡੇ ਪੱਥਰ ਕਮਾਲਪੁਰ ਮੰਡੀ ਵਿਚ ਇਕੱਠੇ ਕੀਤੇ ਜਾ ਰਹੇ ਹਨ ਜਿਥੋਂ ਇਸ ਦੀ ਸੱਪਲਾਈ ਬੰਨ ਤਕ ਕਿੱਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਮਿੱਟੀ ਦੇ ਬੋਰੇ ਭਰਨ ਲਈ ਵੱਡੀ ਗਿਣਤੀ ਵਿਚ ਸਮਾਜਿਕ ਜਥੇਬੰਦੀਆਂ ਤੇ ਪੰਚਾਇਤਾਂ ਵੀ ਸਰਕਾਰ ਦੀ ਮਦਦ ਕਰ ਰਹੀਆਂ ਹਨ ।

ਇਸ ਸਾਰੇ ਕੰਮ ਦੀ ਨਜ਼ਰਸਾਨੀ ਕਰ ਰਹੇ ਸਿੰਚਾਈ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ. ਮਨਜੀਤ ਸਿੰਘ ਨੇ ਕਿਹਾ ਕਿ ਜਾਣੀਆ ਵਿਚ ਪਏ ਇਸ ਪਾੜ ਨੂੰ ਪੂਰਨ ਲਈ ਕੰਮ ਦਿਨ-ਰਾਤ ਚਾਲ ਰਿਹਾ ਹੈ ।ਉਹਨਾਂ ਕਿਹਾ ਕਿ ਇਸ ਸਾਰੇ ਕੰਮ ਦਾ ਅੱਜ (ਐਤਵਾਰ) ਦੇਰ ਸ਼ਾਮ ਤਕ ਮੁਕੱਮਲ ਹੋਣ ਦੀ ਸੰਭਾਵਨਾ ਹੈ ।

Share News / Article

Yes Punjab - TOP STORIES