ਪਿੰਡ ਜਾਨੀਆਂ ਵਿਖੇ 500 ਫੁੱਟ ਦੇ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰ: ਵਰਿੰਦਰ ਸ਼ਰਮਾ ਡੀ.ਸੀ. ਜਲੰਧਰ

ਜਾਨੀਆ(ਜਲੰਧਰ)23 ਅਗਸਤ, 2019:

ਭਾਰਤੀ ਫੌਜ ਨੇ ਅੱਜ ਸ਼ਾਹਕੋਟ ਦੇ ਪਿੰਡ ਜਾਨੀਆਂ ਵਿਖੇ ਸਤਲੁਜ ਨਾਲ ਲਗਦੇ ਧੁੱਸੀ ਬੰਨ੍ਹ ਵਿਚ ਪਏ 500 ਫੁੱਟ ਦੇ ਵੱਡੇ ਪਾੜਨ ਨੂੰ ਭਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਹੈ। ਕਰਨਲ ਭਾਰਤ ਭੱਲਾ ਦੀ ਨਿਗਰਾਨੀ ਹੇਠ 267 ਇੰਜੀਨੀਅਰ ਰੈਜੀਮੈਂਟ ਯੂਨਿਟ ਵਲੋਂ ਇਹ ਕਾਰਜ ਲੋਕ ਸਭਾ ਮੈਂਬਰ ਚੋਧਰੀ ਸੰਤੋਖ ਸਿੰਘ,ਵਿਧਾਇਕ ਸ੍ਰੀ ਹਰਦੇਵ ਸਿੰਘ ਲਾਡੀ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਹਾਜ਼ਰੀ ਵਿਚ ਸ਼ੁਰੂ ਕੀਤਾ ਗਿਆ।

ਭਾਰਤੀ ਫੌਜ ਦੇ ਜਵਾਨਾਂ, ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਵੋਲੰਟੀਅਰਾਂ ਅਤੇ ਜਲ ਸਰੋਤ ਵਿਭਾਗ ਦੇ ਵੋਲੰਟੀਅਰ ਇੱਸ ਪਾੜ ਨੂੰ ਭਰਨ ਵਿਚ ਆਪਣਾ ਯੋਗਦਾਨ ਪਾਉਣ ਲੱਗੇ। ਇਸ ਬੰਨ੍ਹ ਦੇ ਟੁੱਟਣ ਨਾਲ ਲਗਦੇ ਕਈ ਪਿੰਡਾਂ ਵਿਚ ਹੜ੍ਹ ਦੀ ਸਥਿਤੀ ਬਣੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਬੰਨ੍ਹ ਨੂੰ ਪੂਰਨ ਦੇ ਕੰਮ ਨੂੰ ਨਿਰਵਿਘਨ ਮੁਕੰਮਲ ਕਰਨ ਲਈ ਹਰ ਤਰ੍ਹਾਂ ਦੇ ਸਰੋਤਾਂ ਦੀ ਮਦਦ ਲਈ ਜਾ ਰਹੀ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿੰਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹੜ੍ਹ ਪੀੜਤਾਂ ਦੀ ਸੁਰੱਖਿਆ ਦੀ ਵਚਨਬੱਧਤਾ ਸਦਕਾ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਬੰਨ੍ਹ ਵਿਚ ਪਏ ਪਾੜ ਨੂੰ ਭਰਨ ਦੇ ਲਈ ਭਾਰਤੀ ਫੌਜ ਦੀ ਮਦਦ ਲਈ ਜਾ ਰਹੀ ਹੈ। ਉਨਾਂ ਕਿਹਾ ਕਿ ਰੇਤਾ ਦੇ ਬੋਰੇ, ਪੱਥਰ ਅਤੇ ਹਰ ਤਰ੍ਹਾਂ ਦੇ ਸਾਮਾਨ ਦੀ ਬੰਨ੍ਹ ਵਿਚ ਪਏ ਪਾੜ ਨੂੰ ਬਿਨਾ ਕਿਸੇ ਦੇਰੀ ਪੂਰਾ ਕਰਨ ਲਈ ਵਰਤੋ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਬੰਨ੍ਹ ਦੇ ਪਾੜ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਨਿਰੇਦਸ਼ ਜਾਰੀ ਕਰ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੂੰ ਇਸ ਬੰਨ੍ਹ ਦੇ ਪਾੜ ਨੂੰ ਪੂਰਾ ਕਰਨ ਦੇ ਲਈ ਚਲਾਈ ਜਾ ਰਹੀ ਮੁਹਿੰਮ ਦਾ ਇੰਚਾਰਜ ਨਿਯੁਕਤ ਕੀਤੇ ਗਿਆ ਹੈ। ਉਨਾਂ ਕਿਹਾ ਕਿ ਗੱਟਾ,ਮੰਡੀ ਕਾਸੂ,ਮੰਡਿਆਲਾ ਅਤੇ ਹੋਰ ਪਿੰਡਾਂ ਵਿਚ ਬੰਨ੍ਹ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਵੀ ਜਲਦ ਹੀ ਪੂਰਾ ਕਰਨ ਲਿਆ ਜਾਵੇਗਾ।

ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਕਟ ਦੀ ਘੜੀ ਵਿਚ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ,ਚੀਫ ਇੰਜੀਨੀਅਰ ਡ੍ਰੇਨੇਜ਼ ਵਿਭਾਗ ਸ੍ਰੀ ਸੰਜੀਵ ਗੁਪਤਾ ਅਤੇ ਹੋਰ ਵੀ ਹਾਜ਼ਰ ਸਨ।

Yes Punjab - Top Stories