ਪਿੰਡਾਂ ਦੀਆਂ ਸ਼ਾਮਲਾਟਾਂ ਹੜੱਪਣ ਦੇ ਕਾਨੂੰਨ ਵਿਰੁੱਧ ਚੱਲੇਗੀ ਚੇਤਨਾ ਮੁਹਿੰਮ : ਪਿੰਡ ਬਚਾਓ-ਪੰਜਾਬ ਬਚਾਓ

ਹੁਸ਼ਿਆਰਪੁਰ, 25 ਦਸੰਬਰ, 2019:

ਪਿੰਡ ਬਚਾਓ-ਪੰਜਾਬ ਬਚਾਓ ਦੀ ਜ਼ਿਲ੍ਹਾ ਇਕਾਈ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਸ਼ੋਸ਼ਿਲਿਸਟ ਪਾਰਟੀ ਆਫ਼ ਇੰਡੀਆ ਦੇ ਦਫ਼ਤਰ ਵਿਖੇ ਹੋਈ।

ਜਿਸ ਵਿਚ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਹੋਏ ਪਿੰਡ ਬਚਾਓ-ਪੰਜਾਬ ਬਚਾਓ ਦੇ ਹੋਏ ਸੂਬਾਈ ਸੰਮੇਲਨ ਸਬੰਧੀ ਜਾਣਕਾਰੀ ਦੇਂਦਿਆਂ ਸ: ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ ਨੇ ਦੱਸਿਆ ਕਿ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਬਚਾਉਣ ਵਾਸਤੇ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਖੁਦਕੁਸ਼ੀ ਪੀੜ੍ਹਤ ਵਸੇਬਾ ਜਥੇਬੰਦੀਆਂ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਸਿਆਸੀ ਨੁਮਾਇੰਦਿਆਂ ਨੇ ਹਿੱਸਾ ਲਿਆ ਸੀ।

ਜਿਸ ਵਿਚ ਮੰਨਿਆ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਨੂੰ ਲੈਂਡ ਬੈਂਕ ਵਿਚ ਤਬਦੀਲ ਕਰਕੇ ਪੂੰਜੀਪਤੀਆਂ ਦੇ ਹਵਾਲੇ ਕਰਨ ਦਾ ਹੀਆ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਸੰਮੇਲਨ ਵਿਚ ਸਰਕਾਰ ਦੇ ਮਾਰੂ ਫ਼ੈਸਲਿਆਂ ਵਿਰੁੱਧ ਮਤੇ ਪਾਸ ਕੀਤੇ ਗਏ ਹਨ ਅਤੇ ਇਸ ਲਈ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਨਾਲ ਤਾਲਮੇਲ ਕਰਨ ਦਾ ਅਹਿਦ ਲਿਆ ਗਿਆ ਹੈ।

ਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਨੂੰ ਪੰਜਾਬ ਰਾਜ ਉਦਯੋਗ ਤੇ ਬਰਾਮਦੀ ਨਿਗਮ ਰਾਹੀਂ ਖਰੀਦ ਕੇ ਅੱਗੋਂ ਪਲਾਟ ਕੱਟ ਕੇ, ਅਤਿ ਛੋਟੇ, ਛੋਟੇ ਤੇ ਦਰਮਿਆਨੇ ਯਾਨੀ ਮਾਈਕਰੋ, ਸਮਾਲ ਤੇ ਮੀਡੀਅਮ ਉਦਯੋਗਾਂ ਵਾਸਤੇ ਉਦਯੋਗਪਤੀਆਂ ਨੂੰ ਦੇ ਦਿੱਤੇ ਜਾਣਾ ਹੈ।

ਇਸ ਖਰੀਦ ਦੀ ਰਜਿਸਟਰੀ ਵਕਤ ਜ਼ਮੀਨ ਦੀ ਕੁੱਲ ਰਕਮ ਦਾ 25% ਦਿੱਤਾ ਜਾਵੇਗਾ ਤੇ ਬਾਕੀ ਪੈਸਾ ਪੰਚਾਇਤਾਂ ਨੂੰ ਕਿਸ਼ਤਾਂ ਵਿਚ ਅਦਾ ਕੀਤਾ ਜਾਣਾ ਹੈ। ਇਸ ਤਰ੍ਹਾਂ ਪਿੰਡਾਂ ਦੀਆਂ ਇਨ੍ਹਾਂ ਸ਼ਾਮਲਾਟਾਂ ਨੂੰ ਹੜੱਪਣ ਦੀ ਨੀਤੀ ਬਣਾ ਦਿੱਤੀ ਗਈ ਹੈ।

ਸ: ਇੰਦਰ ਸਿੰਘ ਨੇ ਕਿਹਾ ਕਿ 17 ਅਕਤੂਬਰ 2017 ਦੀ ਐਮ ਐਸ ਐਮ ਈ ਬਾਬਤ ਨੀਤੀ ਤਹਿਤ ਉਦਯੋਗਾਂ ਦੇ ਕਾਨੂੰਨ, ਉਦਯੋਗ ਝਗੜਿਆਂ ਦੇ ਕਾਨੂੰਨ, ਕੰਟਰੈਕਟ ਵਰਕਰ ਕਾਨੂੰਨ, ਗਰੀਨ ਟ੍ਰਿਬਿਊਨਲ ਅਤੇ ਹੋਰ ਜਨਤਕ ਅਸਾਸਿਆਂ ਸੜਕਾਂ ਆਦਿ ਦੇ ਤੋੜਨ ਸਬੰਧੀ ਕਾਮਿਆਂ ਦੇ ਹਿਤਾਂ ਦੇ ਵਿਰੁੱਧ ਅਤੇ ਪਰਿਆਵਰਣ ਵਿਰੁੱਧ ਕੀਤੀਆਂ ਗਈਆਂ ਸੋਧਾਂ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਸ:ਮਹਿੰਦਰ ਸਿੰਘ ਹੀਰ ਨੇ ਕਿਹਾ ਕਿ ਗ੍ਰਾਮ ਸਭਾਵਾਂ ਨੂੰ ਹਕੀਕੀ ਬਣਾ ਕੇ ਸਾਂਝੀਆਂ ਜ਼ਮੀਨਾਂ ਵਿਚੋਂ ਬੇ-ਜ਼ਮੀਨੇ ਬੇ-ਘਰੇ ਪਰਿਵਾਰਾਂ ਨੂੰ ਮਕਾਨਾਂ ਵਾਸਤੇ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਦੀ ਕਾਰਵਾਈ ਤੇਜ਼ ਕੀਤੀ ਜਾਵੇ। ਸ਼ਾਮਲਾਟ ਜ਼ਮੀਨਾਂ ਤੋਂ ਨਜ਼ਾਇਜ਼ ਕਬਜ਼ੇ ਹਟਾਏ ਜਾਣ, ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਖੁੱਲ੍ਹੀ ਬੋਲੀ ਰਾਹੀਂ ਸ਼ਾਮਲਾਟਾਂ ਦਾ ਤੀਜਾ ਹਿੱਸਾ ਦਲਿਤਾਂ ਨੂੰ ਤੇ ਬਾਕੀ ਦੋ ਤਿਹਾਈ ਹੋਰਾਂ ਨੂੰ ਠੇਕੇ’ਤੇ ਦੇਣ ਦੀ ਨੀਤੀ ਪੁਖਤਾ ਰੂਪ ਵਿਚ ਲਾਗੂ ਕਰਕੇ ਸਾਂਝੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ।

ਮਾ: ਓਮ ਸਿੰਘ ਨੇ ਕਿਹਾ ਕਿ ਸ਼ਾਮਲਾਟਾਂ ਦੀ ਆਮਦਨ ਨੂੰ ਭ੍ਰਿਸ਼ਟਾਚਾਰ ਮੁਕਤ ਸਹੀ ਢੰਗ ਨਾਲ ਪਿੰਡਾਂ ਦੇ ਵਿਕਾਸ ਵਾਸਤੇ ਵਰਤਿਆ ਜਾਣਾ ਚਾਹੀਦਾ ਹੈ। ਇਨ੍ਹਾਂ ਜ਼ਮੀਨਾਂ ਦੀ ਮਗਨਰੇਗਾ ਵਾਸਤੇ ਵਰਤੋਂ ਲਈ, ਮਗਨਰੇਗਾ ਨੂੰ ਨਿਯਮਾਂ ਕਾਨੂੰਨਾਂ ਅਨੁਸਾਰ ਲਾਗੂ ਕਰਨ ਲਈ ਅਤੇ ਭਲਾਈ ਸਕੀਮਾਂ ਤੇ ਖੁਦਕਸ਼ੀ ਪੀੜਤ ਪਰਿਵਾਰਾਂ ਦੇ ਰਾਹਤ ਕਾਰਜਾਂ ਵਾਸਤੇ ਗ੍ਰਾਮ ਸਭਾ ਦੀਆਂ ਬੈਠਕਾਂ ਨੂੰ ਯਕੀਨੀ ਬਣਾਇਆ ਜਾਵੇ।

ਇਕਾਈ ਨੇ ਫੈਸਲਾ ਕੀਤਾ ਕਿ ਸ਼ਾਮਲਾਟ ਹੜੱਪਣ ਵਾਲੀ ਮਾਰੂ ਨੀਤੀ ਵਿਰੁੱਧ ਚੇਤਨਾ ਲਹਿਰ ਚਲਾਈ ਜਾਵੇਗੀ ਅਤੇ ਇਸ ਸਬੰਧੀ ਪਹਿਲਾ ਸੰਮੇਲਨ ਗੜ੍ਹਸ਼ੰਕਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸੰਤ ਸਿੰਘ, ਹਰਭਜਨ ਸਿੰਘ, ਸਤਨਾਮ ਸਿੰਘ ਮਿਰਜਾਪੁਰ, ਜੋਗਿੰਦਰ ਸਿੰਘ ਅਤੇ ਸੁਰਜੀਤ ਸਿੰਘ ਸੈਣੀ ਹਾਜ਼ਰ ਸਨ।

Share News / Article

Yes Punjab - TOP STORIES