ਪਿੰਡਾਂ ਦੀਆਂ ਫਿਰਨੀਆਂ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਪੱਕਾ ਕਰਨ ਲਈ ਨਿਯਮਾਂ ਵਿਚ ਸੋਧਾਂ ਕੀਤੀਆਂ ਜਾਣਗੀਆਂ: ਤਿ੍ਰਪਤ ਬਾਜਵਾ

ਚੰਡੀਗੜ, 18 ਸਤੰਬਰ, 2019 –

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸੂਬੇ ਦੇ ਪਿੰਡਾਂ ਦੀਆਂ ਫਿਰਨੀਆਂ ਨੂੰ ਇੰਟਰਲਾਕਿੰਗ ਰਾਹੀਂ ਪੱਕਾ ਕਰਨ ਲਈ ਵਿਭਾਗੀ ਅਤੇ ਮਗਨਰੇਗਾ ਨਿਯਮਾਂ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ। ਉਹਨਾਂ ਇਹ ਫੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਪੇਂਡੂ ਵਿਕਾਸ ਬਾਰੇ ਮੁੱਖ ਮੰਤਰੀ ਸਲਾਹਕਾਰ ਗਰੁੱਪ ਦੀ ਮੀਟਿੰਗ ਵਿਚ ਮੌਜੂਦ ਸਾਰੇ ਮੈਂਬਰਾਂ ਵਲੋਂ ਰੱਖੀ ਗਈ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਕੀਤਾ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸਬੰਧਤ ਨਿਯਮਾਂ ਵਿਚ ਲੋੜੀਂਦੀਆਂ ਸੋਧਾਂ ਕਰਨ ਲਈੇ ਖਰੜਾ ਤਿਆਰ ਕਰਨ ਲਈ ਕਿਹਾ। ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਿਦਾਇਤ ਦਿੱਤੀ ਕਿ ਕੇਂਦਰ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਨਾਲ ਵੀ ਇਹ ਮਾਮਲਾ ਵਿਚਾਰਿਆ ਜਾਵੇ ਤਾਂ ਕਿ ਮਗਨਰੇਗਾ ਨਿਯਮਾਂ ਵਿਚ ਵੀ ਲੋਂੜੀਦੀ ਸੋਧ ਕਰਵਾਈ ਜਾ ਸਕੇ।

ਸ. ਬਾਜਵਾ ਨੇ ਮੈਂਬਰਾਂ ਦੇ ਇੱਕ ਹੋਰ ਵਿਚਾਰ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਖੁੱਲੇ ਪੱਕੇ ਖਾਲ ਬਣਾਉਣ ਦੀ ਥਾਂ ’ਤੇ ਅੰਡਰਗ੍ਰਾਂਉਡ ਪਾਈਪਾਂ ਪਾਉਣ ਲਈ ਵੀ ਲੋੜੀਦੀਆਂ ਤਕਨੀਕੀ ਸੋਧਾਂ ਕਰਨ ਲਈ ਅਧਿਕਾਰੀਆਂ ਨੂੰ ਤਜਵੀਜ਼ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਕੇਂਦਰ ਤੋਂ ਜਲਦ ਤੋਂ ਜਲਦ ਪ੍ਰਵਾਨਗੀਆਂ ਲਈਆਂ ਜਾ ਸਕਣ।

ਪੇਂਡੂ ਵਿਕਾਸ ਮੰਤਰੀ ਨੇ ਇਸ ਮੌਕੇ ਸਖਤ ਤਾੜਨਾ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਲਈ ਵਰਤੇ ਜਾਂਦੇ ਸਮਾਨ ਦੇ ਮਿਆਰ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਅਧਿਕਾਰੀ ਜਾ ਠੇਕਦਾਰ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਮੌਜੂਦ ਮੈਂਬਰਾਂ ਨੇ ਕਿਹਾ ਕਿ ਪਿੰਡਾਂ ਵਿਚ ਹੁੰਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਹਫਤੇ ਵਿਚ ਦੋ ਦਿਨ ਜ਼ਿਲਾ ਸਕੱਤਰ, ਡੀ.ਡੀ.ਪੀ.ਓ ਅਤੇ ਬੀ.ਡੀ.ਪੀ.ਓ ਨਿੱਜੀ ਤੌਰ ’ਤੇ ਫੀਲਡ ਦੇ ਦੌਰੇ ਕਰਨ।

ਇਸ ਤੋਂ ਪਹਿਲਾਂ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਸੀਮਾ ਜੈਨ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਸ੍ਰੀਮਤੀ ਤਨੂੰ ਕਸ਼ਿਅਪ ਨੇ ਮੁੱਖ ਮੰਤਰੀ ਸਲਾਹਕਾਰ ਗਰੁੱਪ ਅੱਗੇ ਵਿਭਾਗ ਵਲੋਂ ਕੀਤੇ ਜਾ ਰਹੇ ਵਿਕਾਸ ਕਰਾਜਾਂ ਦਾ ਲੇਖਾ ਜੋਖਾ ਪੇਸ਼ ਕੀਤਾ। ਅਧਿਕਾਰੀਆਂ ਨੇ ਵਿਭਾਗ ਵਲੋਂ ਪਿੰਡਾਂ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਸ. ਕੁਲਜੀਤ ਸਿੰਘ ਨਾਗਰਾ ਅਤੇ ਸ. ਕੁਸ਼ਲਜੀਤ ਸਿੰਘ ਢਿੱਲੋਂ (ਦੋਵੇਂ ਸਲਾਹਕਾਰ ਮੁੱਖ ਮੰਤਰੀ), ਸ੍ਰੀ ਨੱਥੂ ਰਾਮ, ਸ. ਪਰਮਿੰਦਰ ਸਿੰਘ ਪਿੰਕੀ, ਸ੍ਰੀਮਤੀ ਸਤਕਾਰ ਕੌਰ ਅਤੇ ਸ੍ਰੀ ਦਰਸ਼ਨ ਲਾਲ ਮੰਗੂਪੁਰ (ਸਾਰੇ ਵਿਧਾਇਕ) ਤੋਂ ਇਲਾਵਾ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

Share News / Article

Yes Punjab - TOP STORIES