ਪਿੰਕ ਸਿਟੀ ਜੈਪੁਰ ਨਾਲ ਜੁੜਿਆ ਹੁਸ਼ਿਆਰਪੁਰ, ਕੈਬਨਿਟ ਮੰਤਰੀ ਅਰੋੜਾ ਨੇ ਪਹਿਲੀ ਬੱਸ ਨੂੰ ਕੀਤਾ ਰਵਾਨਾ

ਹੁਸ਼ਿਆਰਪੁਰ, 18 ਜਨਵਰੀ, 2020 –
ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਯਾਤਰੀਆਂ ਦੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਅੱਜ ਹੁਸ਼ਿਆਰਪੁਰ ਤੋਂ ਜੈਪੁਰ ਜਾਣ ਵਾਲੀ ਪਹਿਲੀ ਪਨਬਸ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੀ ਮੌਜੂਦ ਸਨ।

ਇਹ ਬੱਸ ਹੁਸ਼ਿਆਰਪੁਰ ਤੋਂ ਦਿੱਲੀ ਹੁੰਦੇ ਹੋਏ ਸਿੱਧੇ ਰਾਜਸਥਾਨ ਦੀ ਰਾਜਧਾਨੀ ਤੇ ਪਿੰਕ ਸਿਟੀ ਦੇ ਨਾਮ ਨਾਲ ਪ੍ਰਸਿੱਧ ਇਤਿਹਾਸਕ ਸ਼ਹਿਰ ਜੈਪੁਰ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਲਈ ਇਹ ਇਕ ਬਹੁਤ ਵੱਡੀ ਉਪਲਬੱਧੀ ਹੈ।

ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜੈਪੁਰ ਲਈ ਇਹ ਰੋਜ਼ਾਨਾ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਤਿਹਾਸਕ ਸਥਾਨਾਂ ਲਈ ਵੱਧ ਤੋਂ ਵੱਧ ਬੱਸ ਸੇਵਾਵਾਂ ਹੁਸ਼ਿਆਰਪੁਰ ਤੋਂ ਸ਼ੁਰੂ ਕੀਤੀਆਂ ਜਾਣ, ਤਾਂ ਜੋ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦ ਹੀ ਹੋਰ ਬੱਸ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਨੂੰ ਘੱਟ ਕਿਰਾਏ ‘ਤੇ ਬੇਹਤਰ ਸੁਵਿਧਾ ਮਿਲ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਿਥੇ ਸੂਬਾ ਵਾਸੀਆਂ ਦੀ ਸਹੂਲਤ ਲਈ ਵੱਖ-ਵੱਖ ਵਿਕਾਸ ਪ੍ਰੋਜੈਕਟ ਲਗਾਏ ਜਾ ਰਹੇ ਹਨ, ਉਥੇ ਵਿਕਾਸ ਪੱਖੋਂ ਹੁਸ਼ਿਆਰਪੁਰ ਦੀ ਨੁਹਾਰ ਬਦਲਣ ਲਈ ਵੀ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਬੱਸ 16 ਘੰਟੇ ਵਿੱਚ ਯਾਤਰੀਆਂ ਨੂੰ ਜੈਪੁਰ ਪਹੁੰਚਾ ਦੇਵੇਗੀ। ਉਨ੍ਹਾਂ ਕਿਹਾ ਕਿ ਬੱਸ ਰੋਜ਼ਾਨਾ ਸਵੇਰੇ 09:59 ਵਜੇ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਚੱਲੇਗੀ ਅਤੇ ਅਗਲੇ ਦਿਨ ਸਵੇਰੇ 2 ਵਜੇ ਜੈਪੁਰ ਪਹੁੰਚ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਲੋਂ ਇਸ ਬੱਸ ਦਾ ਜੈਪੁਰ ਤੱਕ ਦਾ ਕਿਰਾਇਆ 700 ਰੁਪਏ ਨਿਰਧਾਰਤ ਕੀਤਾ ਗਿਆ ਹੈ ਅਤੇ ਇਸ ਘੱਟ ਕਿਰਾਏ ਵਿੱਚ ਹੀ ਹੁਸ਼ਿਆਰਪੁਰ ਵਾਸੀ ਪਿੰਕ ਸਿਟੀ ਜਾ ਸਕਣਗੇ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸ੍ਰੀ ਅਰੋੜਾ ਦੇ ਯਤਨਾਂ ਸਦਕਾ ਹੁਸ਼ਿਆਰਪੁਰ ਤੋਂ ਵਰਿੰਦਾਵਨ ਲਈ ਵੀ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ।

ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਜ਼ਿਲ੍ਹਾਂ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਜੀ.ਐਮ. ਰੋਡਵੇਜ਼ ਸ੍ਰੀ ਹਰਜਿੰਦਰ ਸਿੰਘ ਮਿਨਹਾਸ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਮੁਕੇਸ਼ ਡਾਬਰ, ਕੌਂਸਲਰ ਸੁਰਿੰਦਰ ਪਾਲ ਸਿੱਧੂ, ਸ੍ਰੀ ਧਿਆਨ ਚੰਦ, ਸ੍ਰੀਮਤੀ ਰਣਜੀਤਾ ਚੌਧਰੀ, ਸ੍ਰੀ ਸੁਦਰਸ਼ਨ ਧੀਰ, ਸ੍ਰੀ ਸੁਰੇਸ਼ ਕੁਮਾਰ, ਸ੍ਰੀ ਬਲਵਿੰਦਰ ਕੁਮਾਰ, ਸ੍ਰੀ ਸ਼ਾਦੀ ਲਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Share News / Article

Yes Punjab - TOP STORIES