ਪਾਣੀ ਦਾ ਪੱਧਰ ਘਟਿਆ ; ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਲੋਂ ਫਿਲਹਾਲ ਨਹੀਂ ਛੱਡਿਆ ਜਾਵੇਗਾ ਪਾਣੀ: ਈਸ਼ਾ ਕਾਲੀਆ

ਹੁਸ਼ਿਆਰਪੁਰ, 4 ਸਤੰਬਰ, 2019 –

ਬੀ.ਬੀ.ਐਮ.ਬੀ (ਭਾਖੜਾ-ਬਿਆਸ ਮੈਨੇਜਮੈਂਟ ਬੋਰਡ) ਵਲੋਂ ਜੋ ਬੀਤੇ ਦਿਨ 26 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਸੀ, ਉਸਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਕਾਫੀ ਹੇਠਾਂ ਚਲਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ 4 ਸਤੰਬਰ ਨੂੰ ਪੌਂਗ ਡੈਮ ਤਲਵਾੜਾ ਦੇ ਪਾਣੀ ਦਾ ਪੱਧਰ 1386.16 ਫੁੱਟ ਹੈ, ਜਦਕਿ ਡੈਮ ਵਿਚ ਆਉਣ ਵਾਲੇ ਪਾਣੀ ਦੀ ਮਾਤਰਾ 18082 ਕਿਊਸਿਕ ਹੈ ਅਤੇ ਆਊਟਫਲੋਅ 12174 ਕਿਊਸਿਕ ਹੈ।

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨਾਲੋਂ ਵੀ ਪਾਣੀ ਦਾ ਪੱਧਰ ਹੋਰ ਘਟਿਆ ਹੈ, ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ। ਪਾਣੀ ਦਾ ਪੱਧਰ ਇਸੇ ਤਰ੍ਹਾਂ ਹੀ ਰਿਹਾ ਤਾਂ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਲੋਂ ਪਾਣੀ ਨਹੀਂ ਛੱਡਿਆ ਜਾਵੇਗਾ।

ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਉਹ ਬੀ.ਬੀ.ਐਮ.ਬੀ ਦੇ ਅਧਿਕਾਰੀਆਂ ਕੋਲੋਂ ਲਗਾਤਾਰ ਪੌਂਗ ਡੈਮ ਦਾ ਜਾਇਜ਼ਾ ਲੈ ਰਹੇ ਹਨ ਅਤੇ ਫਿਲਹਾਲ ਜ਼ਿਲ੍ਹੇ ਵਿਚ ਪਾਣੀ ਨਹੀਂ ਛੱਡਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਬੀ.ਬੀ.ਐਮ.ਬੀ ਵਲੋਂ ਪੌਂਗ ਡੈਮ ਤੋਂ 26 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਸੀ, ਜਿਸ ਤਹਿਤ 14 ਹਜ਼ਾਰ ਕਿਊਸਿਕ ਪਾਣੀ ਸਪਿਲ ਵੇਅ ਰਾਹੀਂ ਛੱਡਿਆ ਜਾਣਾ ਸੀ ਅਤੇ 12 ਹਜ਼ਾਰ ਕਿਊਸਿਕ ਪਾਣੀ ਟਰਬਾਇਨ ਰਾਹੀਂ ਛੱਡਿਆ ਜਾਣਾ ਸੀ।

ਉਨ੍ਹਾਂ ਦੱਸਿਆ ਕਿ 12 ਹਜ਼ਾਰ ਕਿਊਸਿਕ ਪਾਣੀ ਬੀ.ਬੀ.ਐਮ.ਬੀ ਵਲੋਂ ਰੁਟੀਨ ਵਿਚ ਹੀ ਛੱਡਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਨਾਲ ਸਥਿਤੀ ਸਪੱਸ਼ਟ ਹੋ ਗਈ ਹੈ ਕਿ ਫਿਲਹਾਲ ਪਾਣੀ ਨਹੀਂ ਛੱਡਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਜ਼ਿਲ੍ਹੇ ਵਿਚ ਹੜ੍ਹਾਂ ਵਰਗੇ ਹਾਲਾਤ ਨਹੀਂ ਹਨ, ਪਰ ਪ੍ਰਸਾਸ਼ਨ ਵਲੋਂ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸੈਕਟਰ ਵਾਈਜ਼ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਐਸ.ਡੀ.ਐਮ ਮੁਕੇਰੀਆਂ, ਐਸ.ਡੀ.ਐਮ ਦਸੂਹਾ ਦੀ ਨਿਗਰਾਨੀ ਹੇਠ ਬਣਾਈਆਂ ਗਈਆਂ ਟੀਮਾਂ ਵਲੋਂ ਲਗਾਤਾਰ ਨਾਜ਼ੁਕ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਤੋਂ ਇਲਾਵਾ ਸਬ-ਡਵੀਜ਼ਨ ਪੱਧਰ ’ਤੇ ਵੀ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।

ਉਨ੍ਹਾਂ ਜਿੱਥੇ ਸਿਹਤ ਸਹੂਲਤਾਂ ਲਈ ਸਿਹਤ ਵਿਭਾਗ ਨੂੰ ਉਚਿਤ ਪ੍ਰਬੰਧ ਕਰਨ ਲਈ ਕਿਹਾ, ਉਥੇ ਰਾਸ਼ਨ ਆਦਿ ਸਹੂਲਤਾਂ ਲਈ ਫੂਡ ਤੇ ਸਿਵਲ ਸਪਲਾਈਜ਼ ਵਿਭਾਗ ਨੂੰ ਹਦਾਇਤ ਕੀਤੀ ਅਤੇ ਪਸ਼ੂਆਂ ਲਈ ਚਾਰਾ ਆਦਿ ਦੇ ਪ੍ਰਬੰਧਾਂ ਲਈ ਪਸ਼ੂ ਪਾਲਣ ਵਿਭਾਗ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਭਾਵੇਂ ਜ਼ਿਲ੍ਹੇ ਵਿਚ ਹੜ੍ਹਾਂ ਵਰਗੇ ਹਾਲਾਤ ਨਹੀਂ ਹਨ, ਪਰ ਫਿਰ ਵੀ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ।

Share News / Article

YP Headlines