ਪਾਕਿ ’ਚ ਘੱਟ ਗਿਣਤੀਆਂ ’ਤੇ ਤਸ਼ੱਦਦ – ਹਰਸਿਮਰਤ ਵੱਲੋਂ ਜੈਸ਼ੰਕਰ ਨੂੰ ਮੁੱਦਾ ਸੰਯੁਕਤ ਰਾਸ਼ਟਰ ਕੋਲ ਉਠਾਉਣ ਦੀ ਅਪੀਲ

ਚੰਡੀਗੜ੍ਹ, 3 ਸਤੰਬਰ, 2019 –

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਜਯਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਯੋਜਨਾਬੱਧ ਤਰੀਕੇ ਦਾ ਨਿਸ਼ਾਨਾ ਬਣਾਏ ਜਾਣ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਕੋਲ ਉੁਠਾਉਣ।

ਕੇਂਦਰੀ ਮੰਤਰੀ ਨੇ ਇਸ ਸੰਬੰਧੀ ਵਿਦੇਸ਼ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਕਿਹਾ ਹੈ ਕਿ ਪਾਕਿਸਤਾਨ ਵਿਚ ਵੰਡ ਸਮੇਂ ਹਿੰਦੂਆਂ ਅਤੇ ਸਿੱਖਾਂ ਦੀ ਆਬਾਦੀ ਜਿਸ ਤਰੀਕੇ ਨਾਲ 2.5 ਲੱਖ ਤੋਂ ਘਟ ਕੇ ਮਹਿਜ਼ ਸੱਤ ਹਜ਼ਾਰ ਰਹਿ ਗਈ ਹੈ, ਇਹ ਆਪਣੇ ਆਪ ਵਿਚ ਘੱਟ ਗਿਣਤੀਆਂ ਉੱਤੇ ਕੀਤੇ ਜਾਂਦੇ ਤਸ਼ੱਦਦ ਦਾ ਸਬੂਤ ਹੈ। ਉਹਨਾਂ ਕਿਹਾ ਕਿ ਘੱਟ ਗਿਣਤੀਆਂ ਉੱਤੇ ਹੋ ਰਹੇ ਅਜਿਹੇ ਅੱਤਿਆਚਾਰਾਂ ਨੂੰ ਰੋਕਣ ਲਈ ਕੌਮਾਂਤਰੀ ਭਾਈਚਾਰੇ ਵੱਲੋਂ ਸਾਂਝਾ ਯਤਨ ਕੀਤੇ ਜਾਣ ਦੀ ਲੋੜ ਹੈ।

ਬੀਬਾ ਬਾਦਲ ਨੇ ਕਿਹਾ ਕਿ ਕਿਉਂਕਿ ਇਹ ਮੁੱਦਾ ਘੱਟ ਗਿਣਤੀਆਂ ਦਾ ਨਸਲੀ ਸਫਾਇਆ ਕਰਨ ਨਾਲ ਸੰਬੰਧਿਤ ਹੈ, ਇਸ ਲਈ ਇਸ ਅਣਮਨੁੱਖੀ ਵਰਤਾਰੇ ਨੂੰ ਰੋਕਣ ਲਈ ਕੌਮਾਂਤਰੀ ਅਦਾਲਤ ਤਕ ਪਹੰੁਚ ਕੀਤੀ ਜਾਣੀ ਚਾਹੀਦੀ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖ ਕੁੜੀਆਂ ਨੂੰ ਅਗਵਾ ਕਰਨਾ ਇੱਕ ਆਮ ਗੱਲ ਬਣ ਚੁੱਕੀ ਹੈ ਅਤੇ ਇਸ ਮਾੜੇ ਰੁਝਾਣ ਨੂੰ ਰੋਕਣ ਲਈ ਕੁੱਝ ਵੀ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਮੀਡੀਆ ਨੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਦੇ ਇੱਕ ਗੰਥੀ ਸਿੰਘ ਦੀ ਕਿਸ਼ੋਰ ਲੜਕੀ ਨੂੰ ਅਗਵਾ ਕਰਕੇ ਜਬਰਦਸਤੀ ਉਸ ਦਾ ਧਰਮ ਬਦਲਿਆ ਗਿਆ ਅਤੇ ਉਸ ਦਾ ਇੱਕ ਮੁਸਲਿਮ ਨਾਲ ਵਿਆਹ ਕਰ ਦਿੱਤਾ ਗਿਆ।

ਇਹ ਟਿੱਪਣੀ ਕਰਦਿਆਂ ਕਿ ਧਰਮ ਇੱਕ ਨਿੱਜੀ ਮਾਮਲਾ ਹੰੁਦਾ ਹੈ, ਬੀਬਾ ਬਾਦਲ ਨੇ ਕਿਹਾ ਕਿ ਕਿਸੇ ਵਿਅਕਤੀ ਉੱਤੇ ਉਸ ਦੀ ਇੱਛਾ ਦੇ ਵਿਰੁੱਧ ਧਾਰਮਿਕ ਵਿਸ਼ਵਾਸ਼ ਥੋਪਣਾ ਇਕ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ ਅਤੇ ਉਸ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਮੀਡੀਆ ਰਾਹੀਂ ਸਾਹਮਣੇ ਆਈ ਗ੍ਰੰਥੀ ਸਿੰਘ ਦੀ ਬੇਟੀ ਨਾਲ ਵਾਪਰੀ ਘਟਨਾ ਅਤੇ ਅਜਿਹੀਆਂ ਹੋਰ ਘਟਨਾਵਾਂ ਨੇ ਪੂਰੀ ਦੁਨੀਆਂ ਵਿਚ ਰਹਿੰਦੇ ਸਿੱਖਾਂ ਦੀ ਭਾਵਨਾਵਾਂ ਨੂੰ ਭਾਰੀ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਦਾ ਯੋਜਨਾਬੱਧ ਤਰੀਕੇ ਨਾਲ ਸਫਾਇਆ ਕੀਤਾ ਜਾ ਰਿਹਾ ਹੈ।

ਬੀਬਾ ਬਾਦਲ ਨੇ ਡਾਕਟਰ ਜਯਸ਼ੰਕਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿਚ ਭਾਰਤੀ ਦੂਤਾਵਾਸ ਨੂੰ ਨਿਰਦੇਸ਼ ਦੇਣ ਕਿ ਬਿਪਤਾ ਦੀ ਮਾਰੀ ਕਿਸ਼ੋੋਰ ਸਿੱਖ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇ।

Share News / Article

Yes Punjab - TOP STORIES