ਪਾਕਿਸਤਾਨ ’ਚ 3 ਹਿੰਦੂ ਲੜਕੀਆਂ ਦੇ ਅਗਵਾ ਦਾ ਮਾਮਲਾ ਸਿਰਸਾ ਨੇ ਵਿਦੇਸ਼ ਮੰਤਰਾਲੇ ਕੋਲ ਚੁੱਕਿਆ

ਨਵੀਂ ਦਿੱਲੀ, 17 ਜਨਵਰੀ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕਮੇਟੀ ਦੇ ਇਕ ਵਫਦ ਨੇ ਅੱਜ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਪਾਕਿਸਤਾਨ ਡੈਸਕ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਵਿਚ ਹਿੰਦੂ ਤੇ ਸਿੱਖ ਲੜਕੀਆਂ ਨੂੰ ਜਬਰੀ ਅਗਵਾ ਕਰਨ, ਫਿਰ ਧਰਮ ਪਰਿਵਰਤਨ ਕਰਨ ਤੇ ਮੁਸਲਿਮ ਲੜਕਿਆਂ ਨਾਲ ਨਿਕਾਹ ਕਰਵਾਉਣ ਦਾ ਮਾਮਲਾ ਉਠਾਇਆ ਤੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਭਾਰਤ ਸਰਕਾਰ ਜਲਦੀ ਤੋਂ ਜਲਦੀ ਕੌਮਾਂਤਰੀ ਭਾਈਚਾਰੇ ਦੇ ਅੱਗੇ ਰੱਖੇ ਤੇ ਮਸਲਾ ਹੱਲ ਕਰਵਾਏ।

ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਦੀਪਕ ਮਿੱਤਲ ਨੂੰ ਮਿਲਣ ਵਾਲੇ ਵਫਦ ਵਿਚ ਸ੍ਰੀ ਸਿਰਸਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਅਮਰਜੀਤ ਸਿਘ ਤੇ ਕੁਲਦੀਪ ਸਿੰਘ ਸਾਹਨੀ ਸ਼ਾਮਲ ਸਨ।

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਵਿਚ ਹੁਣ ਸ਼ਾਂਤੀ ਮੇਘਵਾਦ, ਸਰਨੀ ਮੇਘਵਾਦ ਤੇ 14 ਸਾਲਾਂ ਦੀ ਮਹਿਕਮ ਕੁਮਾਰੀ ਨੂੰ ਅਗਵਾ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮਹਿਕ ਨੂੰ ਅਗਵਾ ਕਰਨ ਵਾਲੇ 28 ਸਾਲ ਦੇ ਮੁਸਲਿਮ ਲੜਕੇ ਰਜ਼ਾ ਅਲੀ ਨੇ ਉਸਦੇ ਪਿਤਾ ਨੂੰ ਧਮਕੀ ਦਿੱਤੀ ਹੈ ਕਿ ਮੈਂ ਤੁਹਾਡੀ ਬੇਟੀ ਦਾ ਬਲਾਤਕਾਰ ਕਰ ਦਿੱਤਾ ਹੈ ਅਤੇ ਲੜਕੀ ਵਾਪਸ ਲੈਣ ਦੀ ਕੋਸ਼ਿਸ਼ ਨਾ ਕਰਨ।

ਉਹਨਾਂ ਕਿਹਾ ਕਿ ਇਹ ਵਿਅਕਤੀ ਪਹਿਲਾਂ ਹੀ ਸ਼ਾਦੀਸੁਦਾ ਹੈ ਤੇ 4 ਬੱਚਿਆਂ ਦਾ ਬਾਪ ਹੈ। ਉਹਨਾਂ ਕਿਹਾ ਕਿ ਲੜਕੀਆਂ ਦੇ ਮਾਪੇ ਬਹੁਤ ਵੱਡੇ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਨੇ ਇਹਨਾਂ ਮਾਮਲਿਆਂ ਵਿਚ ਐਫ ਆਈ ਆਰਜ ਤੱਕ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸ੍ਰੀ ਸਿਰਸਾ ਨੇ ਕਿਹਾ ਪਿਛਲੇ ਇਕ ਹਫਤੇ ਵਿਚ ਛੇ ਲੜਕੀਆਂ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਦੋ ਮਹੀਨਿਆਂ ਵਿਚ 50 ਲੜਕੀਆਂ ਦੇ ਮਾਮਲੇ ਉਹ ਉਜਾਗਰ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਰੋਜ਼ਾਨਾ ਹੀ ਤਿੰਨ ਤੋਂ ਚਾਰ ਲੜਕੀਆਂ ਸਿਰਫ ਸਿੰਧ ਵਿਚੋਂ ਹੀ ਅਗਵਾ ਕੀਤੀਆ ਜਾ ਰਹੀਆਂ ਹਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਸੰਯੁਕਤ ਸਕੱਤਰ ਦੀਪਕ ਮਿੱਤਲ ਨੇ ਸਾਨੂੰ ਭਰੋਸਾ ਦੁਆਇਆ ਹੈ ਕਿ ਇਹ ਮਾਮਲਾ ਅੱਜ ਹੀ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਕੋਲ ਵੀ ਚੁੱਕਿਆ ਜਾਵੇਗਾ ਅਤੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਪਾਕਿਸਤਾਨ ਸਰਕਾਰ ਕੋਲ ਵੀ ਚੁੱਕਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਘੱਟ ਗਿਣਤੀ ਹਿੰਦੂ ਤੇ ਸਿੱਖ ਲੜਕੀਆਂ ਨਾਲ ਧੱਕੇਸ਼ਾਹੀ ਰੋਕਣ ਦੇ ਸੰਜੀਦਾ ਉਪਰਾਲੇ ਕੀਤੇ ਜਾਣਗੇ ਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਸ੍ਰੀ ਸਿਰਸਾ ਨੇ ਸੰਯੁਕਤ ਸਕੱਤਰ ਨੂੰ ਆਖਿਆ ਕਿ ਭਾਰਤ ਸਰਕਾਰ ਇਹ ਮਾਮਲਾ ਤੁਰੰਤ ਸੰਯੁਕਤ ਰਾਸ਼ਟਰ ਵਿਚ ਵੀ ਉਠਾਵੇ ਅਤੇ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਤੌਰ ‘ਤੇ ਸੰਯੁਕਤ ਰਾਸ਼ਟਰ ਕੋਲ ਪਹੁੰਚ ਕਰੇਗੀ ਅਤੇ ਬੇਨਤੀ ਕਰੇਗੀ ਕਿ ਉਹ ਆਪਣੇ ਪੱਧਰ ‘ਤੇ ਪਾਕਿਸਤਾਨ ਵਿਚ ਜਾਂਚ ਕਰਵਾ ਕੇ ਇਸ ਗੱਲ ਦੇ ਅੰਕੜੇ ਇਕੱਤਰ ਕਰੇ ਕਿ ਹੁਣ ਤੱਕ ਕਿੰਨੀਆਂ ਘੱਟ ਗਿਣਤੀ ਭਾਈਚਾਰੇ ਦੀਆਂ ਲੜਕੀਆਂ ਇਸ ਤਰਾਂ ਅਗਵਾ ਕੀਤੀਆਂ ਗਈਆਂ, ਉਹਨਾਂ ਦੇ ਧਰਮ ਬਦਲੇ ਗਏ, ਫਿਰ ਮੁਸਲਿਮ ਲੜਕਿਆਂ ਨਾਲ ਵਿਆਹ ਕਰਵਾਏ ਗਏ ਬਲਾਤਕਾਰ ਹੋਏ।

ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਇਹ ਵੀ ਪਤਾ ਕਰਾਵੇ ਕਿ ਹੁਣ ਇਹਨਾਂ ਲੜਕੀਆਂ ਦੀ ਕੀ ਸਥਿਤੀ ਹੈ ? ਕੀ ਇਹ ਜਿਉਂਦੀਆਂ ਵੀ ਹਨ ਜਾਂ ਨਹੀਂ ਅਤੇ ਜੇਕਰ ਜਿਉਂਦਿਆਂ ਹਨ ਤਾਂ ਕਿਸ ਹਾਲਤ ਵਿਚ ਹਨ।

ਉਹਨਾਂ ਕਿਹਾ ਕਿ ਘੱਟ ਗਿਣਤੀਆਂ ਦੀਆਂ ਲੜਕੀਆਂ ਨਾਲ ਇਹ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਹਨਾਂ ਦੀ ਸੁਰੱਖਿਆ ਵਾਸਤੇ ਜੋ ਵੀ ਕਦਮ ਚੁੱਕਣਾ ਪਿਆ, ਚੁੱਕਿਆ ਜਾਵੇਗਾ।

Share News / Article

Yes Punjab - TOP STORIES