ਪਾਕਿਸਤਾਨ ਅਜੇ ਵੀ ਘੱਟ ਗਿਣਤੀਆਂ ਦੀਆਂ ਧੀਆਂ ਨੂੰ ਅਗਵਾ ਕਰਨ, ਧਰਮ ਪਰਿਵਰਤਨ , ਜਬਰੀ ਵਿਆਹਾਂ ’ਚ ਰੁੱਝਿਆ: ਸਿਰਸਾ

ਨਵੀਂ ਦਿੱਲੀ, 25 ਅਪ੍ਰੈਲ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਜਦੋਂ ਵਿਸ਼ਵ ਕੋਰੋਨਾ ਵਾਇਰਸ ਦੇ ਸੰਕਟ ਨਾਲ ਸਿੱਝਣ ਵਿਚ ਉਲਝਿਆ ਪਿਆ ਹੈ, ਉਦੋਂ ਪਾਕਿਸਤਾਨ ਹਾਲੇ ਵੀ ਘੱਟ ਗਿਣਤੀ ਭਾਈਚਾਰੇ ਦੀਆਂ ਨਾਬਾਲਗ ਲੜਕੀਆਂ ਨੂੰ ਅਗਵਾ ਕਰਨ, ਉਹਨਾਂ ਦਾ ਧਰਮ ਪਰਿਵਰਤਨ ਕਰਨ ਤੇ ਉਹਨਾਂ ਦਾ ਜ਼ਬਰੀ ਵਿਆਹ ਕਰਨ ਵਰਗੇ ਕੰਮਾਂ ਵਿਚ ਰੁੱਝਿਆ ਹੋਇਆ ਹੈ।

ਦੋ ਹਿੰਦੂ ਨਾਬਾਲਗ ਲੜਕੀਆਂ ਸੁਥੀ ਤੇ ਸ਼ਮਾ ਨੂੰ ਅਗਵਾ ਕਰਨ ਦੀਆਂ ਖਬਰਾਂ ‘ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਗਵਾਕਾਰ ਹੋਰ ਕੋਈ ਨਹੀਂ ਬਲਕਿ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਮੈਂਬਰ ਪੀਰ ਫੈਜ਼ਲ ਸ਼ਾਹ ਜਿਲਾਨੀ ਦਾ ਸਗਾ ਭਰਾ ਹੈ। ਉਹਨਾਂ ਕਿਹਾ ਕਿ ਪੁਲਿਸ ਦੀ ਧੱਕੇਸ਼ਾਹੀ ਤੇ ਸਰਕਾਰ ਦੀ ਮਦਦ ਨਾਲ ਇਹਨਾਂ ਲੜਕੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਇਹਨਾਂ ਨੇ ਆਪਣੇ ਮਾਪਿਆਂ ਕੋਲ ਜਾਣ ਦੀ ਗੱਲ ਚੀਖ ਚੀਖ ਕੇ ਕਹੀ ਪਰ ਕਿਸੇ ਨੇ ਵੀ ਇਹ ਗੱਲ ਨਾ ਸੁਣੀ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਫੈਜ਼ਲ ਨੇ ਪਰਿਵਾਰ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸਨੇ ਮਾਮਲੇ ਕਿਤੇ ਉਠਾਇਆ ਤਾਂ ਫਿਰ ਘੱਟ ਗਿਣਤੀਆਂ ਦੀਆਂ ਹੋਰ ਨਾਬਾਲਗ ਲੜਕੀਆਂ ਵੀ ਅਗਵਾ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਿੰਧ ਸੂਬੇ ਵਿਚ ਘੱਟ ਗਿਣਤੀਆਂ ਦੀਆਂ ਨਾਬਾਲਗ ਲੜਕੀਆਂ ਨੂੰ ਅਗਵਾ ਕਰਨ, ਉਹਨਾਂ ਦਾ ਧਰਮ ਪਰਿਵਰਤਨ ਕਰਨ ਤੇ ਫਿਰ ਵਿਆਹ ਕਰਨ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ।

ਸ੍ਰੀ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਮਾਮਲੇ ਵਿਚ ਦਖਲ ਦੇਣ ਅਤੇ ਇਹ ਲੜਕੀਆਂ ਇਹਨਾਂ ਦੇ ਮਾਪਿਆ ਹਵਾਲੇ ਕੀਤੇ ਜਾਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਨਾਬਾਲਗ ਲੜਕੀਆਂ ਨੂੰ ਅਗਵਾ ਕਰਨ, ਧਰਮ ਪਰਿਵਰਤਨ ਕਰਨ ਤੇ ਵਿਆਹ ਕਰਨ ਦੀਆਂ ਘਟਨਾਵਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਘੱਟ ਗਿਣਤੀਆਂ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਉਹਨਾਂ ਨਾਲ ਨਿਆਂ ਨਹੀਂ ਹੋ ਰਿਹਾ।

ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਕੰਮ ਕਰਨਗੇ ਤੇ ਉਹਨਾਂ ਦੀ ਸੁਰੱਖਿਅਤ ਜੀਵਨ ਯਕੀਨੀ ਬਣਾਉਣ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES