ਪਹਿਲੇ ਫੇਜ ਚ 0.5 ਤੇ 1 ਕਿਲੋਵਾਟ ਦੇ 5532 ਸੋਲਰ ਪੈਨਲ ਲਗਾਏ ਜਾਣਗੇ ਮੁਫ਼ਤ: ਮਨਪ੍ਰੀਤ ਬਾਦਲ ਨੇ ਬਠਿੰਡਾ ਵਿੱਚ ਪਾਇਲਟ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

  ਯੈੱਸ ਪੰਜਾਬ
  ਬਠਿੰਡਾ, 11 ਦਸੰਬਰ, 2021 –
  ਬਠਿੰਡਾ ਦੀਆਂ ਸਲੱਮ ਅਤੇ ਗਰੀਬ ਬਸਤੀਆਂ ਵਿਚ ਲੋੜਵੰਦ ਪਰਿਵਾਰਾਂ ਦੀਆਂ ਛੱਤਾਂ ਤੇ ਪਹਿਲੇ ਫੇਜ ਦੌਰਾਨ 0.5 ਤੇ 1 ਕਿਲੋਵਾਟ ਦੇ 5532 ਸੋਲਰ ਪੈਨਲ ਮੁਫ਼ਤ ਲਗਾਏ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਬੇਅੰਤ ਨਗਰ ਵਿਚ ਸੋਲਰ ਪੈਨਲ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਕੀਤਾ।

  ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਕਿਹਾ ਕਿ ਸੋਲਰ ਪੈਨਲ ਪਿੱਛਲੇ ਦੋ ਸਾਲ ਤੋਂ ਕੰਮ ਕਰ ਰਹੇ ਸੀ। ਇਸ ਪ੍ਰੋਜੈਕਟ ਤਹਿਤ ਜਿੱਥੇ ਨਵਿਆਉਣਯੋਗ ਊਰਜਾ ਵੱਲ ਇਕ ਕਦਮ ਵਧਾਵਾਂਗੇ ਉੱਥੇ ਹੀ ਇਸ ਨਾਲ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਵੀ ਘੱਟਣਗੇ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਸ ਯੋਜਨਾ ਨੂੰ ਬਠਿੰਡਾ ਅਤੇ ਪੂਰੇ ਪੰਜਾਬ ਦੇ ਘਰਾਂ ਤੱਕ ਵਧਾਉਣ ਦਾ ਹੈ।

  ਇਸ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਨੇ ਬੇਅੰਤ ਸਿੰਘ ਨਗਰ ਦੀਆਂ ਗਲੀਆਂ-ਨਾਲੀਆਂ ਬਣਾਉਣ ਦੇ ਲਈ 10 ਲੱਖ ਰੁਪਏ ਅਤੇ ਵਾਲਮੀਕਿ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

  ਇਸ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਜੇਕਰ ਗਰੀਬ ਤੋਂ ਗਰੀਬ ਆਦਮੀ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ, ਐਮ.ਐਲ.ਏ, ਮਿਉਂਸਪਲ ਕੌਂਸਲਰ ਅਤੇ ਪਿੰਡ ਦਾ ਪ੍ਰਧਾਨ ਬਣ ਸਕਦਾ ਹੈ, ਉਹ ਸਭ ਕਾਂਗਰਸ ਪਾਰਟੀ ਦੀ ਹੀ ਦੇਣ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਲੜਕੀਆਂ ਲਈ 33 ਫੀਸਦੀ ਰਾਖਵਾਕਰਨ ਦਿੱਤਾ ਜਾਂਦਾ ਹੈ, ਉਹ ਸਭ ਕਾਂਗਰਸ ਪਾਰਟੀ ਦੀ ਹੀ ਦੇਣ ਹੈ।

  ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਸੇ ਵੀ ਆਟੋ ਚਾਲਕ ਤੋਂ ਆਟੋ ਟੈਕਸ ਦੀ ਵਸੂਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਆਟੋ ਚਾਲਕ ਦਾ ਚਲਾਨ ਨਹੀਂ ਹੋਵੇਗਾ।

  ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਰਾਜ ਦੇ ਆਮ ਲੋਕਾਂ ਲਈ ਵੱਖ-ਵੱਖ ਤਰਾਂ ਦੀਆ ਲੋਕ ਭਲਾਈ ਦੀਆ ਸਕੀਮਾਂ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਨੇ ਗਰੀਬ ਵਰਗ ਦੇ ਲੋਕਾਂ ਦੇ ਬਿਜਲੀ ਦੇ ਬਕਾਏ ਮੁਆਫ਼ ਕੀਤੇ ਹਨ। ਉਨ੍ਹਾਂ ਪੈਨਸ਼ਨ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਬੁਢਾਪਾ ਪੈਨਸ਼ਨ ਵਧਾ ਕੇ 1500 ਰੁਪਏ ਹੋਈ।

  ਇਸ ਮੌਕੇ ਵਿੱਤ ਮੰਤਰੀ ਦੇ ਧਰਮ ਪਤਨੀ ਸ੍ਰੀਮਤੀ ਵੀਨੂੰ ਬਾਦਲ, ਕਾਂਗਰਸੀ ਆਗੂ ਸ਼੍ਰੀ ਜੈਜੀਤ ਸਿੰਘ ਜੌਹਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਕੇ.ਕੇ ਅਗਰਵਾਲ, ਸਾਬਕਾ ਮੰਤਰੀ ਸ੍ਰੀ ਚਿਰੰਜੀ ਲਾਲ ਗਰਗ, ਐਡੀਸ਼ਨਲ ਡਾਇਰੈਕਟਰ ਪੇਡਾ ਸ਼੍ਰੀ ਜਸਪਾਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।

  ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ