ਪਸ਼ੂ ਮਰਨ ਦੀ ਘਟਨਾ ਅਤਿ ਅਫਸੋਸਨਾਕ, ਕੁਤਾਹੀ ਸਾਬਤ ਹੋਣ ਦੀ ਸੂਰਤ ਵਿਚ ਹੋਵੇਗੀ ਕਾਰਵਾਈ: ਤ੍ਰਿਪਤ ਬਾਜਵਾ

ਚੰਡੀਗੜ, 29 ਜੁਲਾਈ, 2019 –

ਪੰਜਾਬ ਦੇ ਪਸ਼ੂ ਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੋਹਾਲੀ ਨੇੜਲੇ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਪਸ਼ੂ ਮਰਨ ਦੀ ਘਟਨਾ ਨੂੰ ਅਫਸੋਸਨਾਕ ਦਸਦਿਆਂ ਅੱਜ ਇਥੇ ਕਿਹਾ ਹੈ ਕਿ ਇਸ ਘਟਨਾ ਦੀ ਚੱਲ ਰਹੀ ਜਾਂਚ ਵਿਚ ਉਹਨਾਂ ਦੇ ਵਿਭਾਗ ਦੀ ਕੋਈ ਕੁਤਾਹੀ ਸਾਹਮਣੇ ਆਉਣ ਦੀ ਸੂਰਤ ਵਿਚ ਜ਼ਿਮੇਂਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਪਸ਼ੂ ਪਾਲਕਾਂ ਖਾਸ ਕਰ ਕੇ ਡੇਅਰੀ ਫ਼ਾਰਮ ਚਲਾ ਰਹੇ ਕਿਸਾਨਾਂ ਨੂੰ ਅਪੋਲ ਕੀਤੀ ਹੈ ਕਿ ਉਹ ਆਪਣੀ ਪਸ਼ੂਆਂ ਦੀ ਖਾਧ-ਖੁਰਾਨ ਦਾ ਖਿਆਲ ਰੱੱਖਣ।

ਸ਼੍ਰੀ ਬਾਜਵਾ ਨੇ ਪਸ਼ੂ ਪਾਲਕਾਂ ਨੁੰ ਸਲਾਹ ਦਿੱਤੀ ਕਿ ਉਹ ਆਪਣੇ ਪਸ਼ੂਆਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਮਾਹਰਾਂ ਵਲੋਂ ਦਸੇ ਅਨੁਸਾਰ ਹੀ ਚਾਰਾ ਅਤੇ ਖ਼ੁਰਾਕ ਪਾਉਣ ਅਤੇ ਹੋਟਲਾਂ-ਢਾਬਿਆਂ ਤੋਂ ਬਚਿਆ-ਖੁੱਚਿਆ ਖਾਣਾ ਪਾਉਣ ਤੋਂ ਗੁਰੇਜ਼ ਕਰਨ।ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਪਸ਼ੂਆਂ ਦੀ ਖ਼ੁਰਾਕ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਮੌਸਮ ਵਿਚ ਚਾਰੇ ਅਤੇ ਹੋਰ ਖਾਧ ਪਦਾਰਥਾਂ ਨੂੰ ਛੇਤੀ ਉੱਲੀ ਲੱਗ ਜਾਂਦੀ ਹੈ ਜੋ ਪਸ਼ੂਆਂ ਦੀ ਜਾਨ ਦਾ ਖੌਅ ਬਣ ਸਕਦੀ ਹੈ।

ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਦਾਣੇ ਅਤੇ ਫ਼ੀਡ ਨੂੰ ਸਿੱਲ ਤੋਂ ਬਚਾ ਕੇ ਰੱਖਣ ਦੀ ਸਲਾਹ ਦਿੱਤੀ ਹੈ ਕਿਉਂਕਿ ਸਿੱਲ ਨਾਲ ਖ਼ੁਰਾਕ ਵਿਚ ਮਾਈਕੋਟੌਕਸਿਨ (ਉੱਲੀ) ਪੈਦਾ ਹੋ ਜਾਂਦੀ ਹੈ ਜੋ ਪਸ਼ੂਆਂ ਲਈ ਘਾਤਕ ਸਾਬਤ ਹੋ ਸਕਦੀ ਹੈ। ਉਹਨਾਂ ਕਿਹਾ ਕਿ ਖ਼ਰਾਬ ਹੋਇਆ ਅਨਾਜ, ਜਿਸ ਨੂੰ ਆਦਮੀਆਂ ਦੇ ਖਾਣ ਵਾਸਤੇ ਯੋਗ ਨਹੀਂ ਸਮਝਿਆ ਜਾਂਦਾ, ਅਕਸਰ ਹੀ ਪਸ਼ੂਆਂ ਅਤੇ ਮੁਰਗੀਆਂ ਨੂੰ ਪਾ ਦਿੱਤਾ ਜਾਂਦਾ ਹੈ ਜੋ ਬਹੁਤ ਹੀ ਗੈਰ-ਸਿਹਤਮੰਦ ਰੁਝਾਨ ਹੈ। ਉਹਨਾਂ ਕਿਹਾ ਕਿ ਇਸ ਖ਼ਰਾਬ ਅਨਾਜ ਦਾ ਪਸ਼ੂਆਂ ਖਾਸ ਕਰ ਕੇ ਮੱਝਾਂ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਹੁੰਦਾ ਹੈ।

ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਜ਼ਹਿਰੀਲੀ ਉੱਲੀ ਤੋਂ ਰੋਕਥਾਮ ਲਈ ਪਸ਼ੂਆਂ ਨੂੰ ਮਿਆਰੀ ਖੁਰਾਕ ਪਾਈ ਜਾਵੇ, ਕਮਰਾ ਹਵਾਦਾਰ ਹੋਵੇ ਅਤੇ ਖੁਰਾਕ ਅਤੇ ਪਾਣੀ ਲਈ ਸਾਫ਼ ਬਰਤਨ ਵਰਤਣੇ ਚਾਹੀਦੇ ਹਨ ਹਨ। ਖੁਰਾਕ ਨੂੰ ਸਟੋਰ ਕਰਨ ਅਤੇ ਢੋਆ ਢੁਆਈ ਦੀਆਂ ਚੰਗੀਆਂ ਸਹੂਲਤਾਂ ਹੋਣ ਤਾਂ ਜੋ ਨਮੀ ਤੋਂ ਬਚਾਓ ਹੋ ਸਕੇ।ਉਹਨਾਂ ਕਿਹਾ ਕਿ ਜੇ ਚਾਰੇ ਜਾਂ ਫੀਡ ਨੂੰ ਉੱਲੀ ਲੱਗ ਜਾਵੇ ਤਾਂ ਇਹਨਾਂ ਨੂੰ ਪਸ਼ੂਆਂ ਨੂੰ ਪਾਉਣ ਦੀ ਬਜਾਇ ਨਸ਼ਟ ਕਰ ਦੇਣਾ ਚਾਹੀਦਾ ਹੈ।

Yes Punjab - Top Stories