ਪਰਾਲੀ ਦੀ ਉਚਿਤ ਸੰਭਾਲ ਲਈ ਯਤਨਸ਼ੀਲ ਕਿਸਾਨ ਹਰਮਿੰਦਰ ਸਿੰਘ ਸਿੱਧੂ ਦਾ ਭਾਰਤ ਸਰਕਾਰ ਵੱਲੋਂ ਸਨਮਾਨ

ਲੁਧਿਆਣਾ, 16 ਸਤੰਬਰ, 2019 –

ਪਰਾਲੀ ਦੇ ਖੇਤਰ ਵਿੱਚ ਲਗਭਗ ਪਿਛਲੇ ਪੰਜ ਸਾਲ ਤੋਂ ਕੰਮ ਕਰ ਰਹੀ ਉੱਘੀ ਸੰਸਥਾ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਉਂਡੇਸ਼ਨ ਜਲਾਲਦੀਵਾਲ ਰਾਏਕੋਟ (ਲੁਧਿਆਣਾ) ਦੇ ਡਾਇਰੈਕਟਰ ਅਤੇ ਅਗਾਂਹਵਧੂ ਕਿਸਾਨ ਡਾ. ਹਰਮਿੰਦਰ ਸਿੰਘ ਸਿੱਧੂ ਨੂੰ ਪਰਾਲੀ ਪ੍ਰਬੰਧਨ ਸੰਬੰਧੀ ਹੋਏ ਖੇਤੀਬਾੜੀ ਖੋਜ ਅਤੇ ਖੇਤੀਬਾੜੀ ਵਿਭਾਗ ਦੀ ਭਾਰਤੀ ਸਭਾ ਅਤੇ ਕਿਸਾਨ ਭਲਾਈ ਦੁਆਰਾ ਐੱਨ. ਏ. ਐੱਸ. ਸੀ. ਕੰਪਲੈਕਸ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਹੈ।

ਜਿੱਥੇ ਡਾ. ਹਰਮਿੰਦਰ ਸਿੰਘ ਸਿੱਧੂ ਅਤੇ ਉਨਾਂ ਦੀ ਟੀਮ ਖੁਦ ਪੰਜ ਸਾਲ ਤੋਂ ਪਰਾਲੀ ਆਪਣੇ ਖੇਤਾਂ ਵਿੱਚ ਨਹੀਂ ਸਾੜਦੇ ਉਥੇ ਰਾਏਕੋਟ ਸਬ ਡਵੀਜ਼ਨ ਦੇ ਨੇੜਲੇ ਪਿੰਡਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਵੀ ਕਰ ਰਹੇ ਹਨ। ਸੀ. ਆਈ. ਆਈ. ਫਾਉਂਡੇਸ਼ਨ ਇੰਡੀਆ ਦੀ ਮਦਦ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਆਈ. ਸੀ. ਏ. ਆਰ. (ਅਟਾਰੀ ਲੁਧਿਆਣਾ), ਸਿਫੇਟ (ਲੁਧਿਆਣਾ) ਦੀ ਤਕਨੀਕੀ ਸਹਾਇਤਾ ਨਾਲ ਕਿਸਾਨਾਂ ਨੂੰ ਪਿਛਲੇ ਸਾਲ ਸਿਖ਼ਲਾਈ ਅਤੇ ਜਾਗਰੂਕਤਾ ਮੁਹਿੰਮ ਤੇ ਮਸ਼ੀਨਰੀ ਉਪਲੱਬਧ ਕਰਾ ਕੇ ਪਿਛਲੇ ਸਾਲ 11 ਪਿੰਡਾਂ ਨੂੰ ਗੋਦ ਲੈ ਕੇ 11 ਹਜ਼ਾਰ ਏਕੜ ਪਰਾਲੀ ਜਲਣ ਤੋਂ ਬਚਾ ਸਕੇ ਅਤੇ ਇਸ ਵਾਰ ਰਾਏਕੋਟ ਸਬ ਡਵੀਜ਼ਨ ਦੇ 34 ਪਿੰਡਾਂ ਨੂੰ ਗੋਦ ਲੈ ਕੇ ਇਸ ਮੁਹਿੰਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਵੱਡੀ ਪੁਲਾਂਘ ਪੁੱਟਣ ਲਈ ਤਿਆਰ ਹਨ।

ਫਾਉਂਡੇਸ਼ਨ ਦੇ ਡਾਇਰੈਕਟਰਾਂ ਸ੍ਰ. ਐੱਚ. ਐੱਸ. ਸਿੱਧੂ ਅਤੇ ਸ੍ਰ. ਤੋਤਾ ਸਿੰਘ ਨੇ ਦੱਸਿਆ ਕਿ ਉਨਾਂ ਦੀ ਫਾਉਂਡੇਸ਼ਨ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੇ ਨੁਕਸਾਨਾਂ ਅਤੇ ਪਰਾਲੀ ਨੂੰ ਧਰਤੀ ਦੇ ਵਿੱਚ ਹੀ ਵਾਹੁਣ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਸਿਖ਼ਲਾਈ ਦੇਣ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕਰਾਉਣ ਦਾ ਕੰਮ ਵੀ ਕਰਦੇ ਹਨ। ਇਸ ਵਾਰ ਉਹ ਇਨਾਂ ਪਿੰਡਾਂ ਵਿੱਚ ਹਵਾ ਦੀ ਗੁਣਵੱਤਾ ਬਾਰੇ ਪਤਾ ਲਗਾਉਣ ਲਈ ਏਅਰ ਕੁਆਲਿਟੀ ਚੈੱਕ ਮਸ਼ੀਨਾਂ ਸਥਾਪਤ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਜਾਂਚ ਬਾਰੇ ਵੀ ਕੰਮ ਕਰ ਰਹੇ ਹਨ।

ਉਨਾਂ ਕਿਹਾ ਕਿ ਫਸਲਾਂ ਦੀ ਵਾਢੀ ਦੌਰਾਨ ਉਨਾਂ ਦੀ ਟੀਮ ਦੇ ਮੈਂਬਰ ਕਈ-ਕਈ ਦਿਨ ਪਿੰਡਾਂ ਵਿੱਚ ਰਹਿ ਕੇ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਵੀ ਦਿੰਦੇ ਹਨ। ਉਨਾਂ ਨੇ ਇਹ ਕੰਮ ਪੰਜ ਸਾਲ ਪਹਿਲਾਂ 1 ਪਿੰਡ ਤੋਂ ਸ਼ੁਰੂ ਕੀਤਾ ਸੀ, ਪਰ ਹੁਣ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਲੋੜੀਂਦੀ ਗਿਣਤੀ ਵਿੱਚ ਮਸ਼ੀਨਰੀ ਅਤੇ ਮਸ਼ੀਨਰੀ ਖਰੀਦਣ ਲਈ ਦਿੱਤੀ ਜਾ ਰਹੀ ਭਾਰੀ ਸਬਸਿਡੀ ਤੋਂ ਉਤਸ਼ਾਹਿਤ ਹੋ ਕੇ ਉਨਾਂ ਨੇ ਪਿੰਡਾਂ ਦੀ ਗਿਣਤੀ 34 ਪਿੰਡਾਂ ਤੱਕ ਪਹੁੰਚਾ ਦਿੱਤੀ ਹੈ। ਉਨਾਂ ਕਿਹਾ ਕਿ ਉਨਾਂ ਦੀ ਫਾਉਂਡੇਸ਼ਨ ਦਾ ਟੀਚਾ ਹੈ ਕਿ ਆਗਾਮੀ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਪੂਰੀ ਤਰਾਂ ਕਾਬੂ ਕਰ ਲਿਆ ਜਾਵੇ। ਇਸ ਲਈ ਕਿਸਾਨਾਂ ਨੂੰ ਹਰ ਤਰੀਕਾ ਅਪਣਾ ਕੇ ਜਾਗਰੂਕ ਕੀਤਾ ਜਾਵੇਗਾ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਚੰਗੀ ਸਿਹਤ, ਸਾਫ਼ ਵਾਤਾਵਰਣ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਸਾਰਥਿਕ ਨਤੀਜੇ ਮਿਲਣੇ ਯਕੀਨੀ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਅਤੇ ਵਾਤਾਵਰਣ ਨੂੰ ਬਚਾਉਣ ਦੇ ਸੱਦੇ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹੁਣ ਉਨਾਂ ਦੀ ਸੰਸਥਾ ਦੀ ਤਰਾਂ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਉਣ ਲੱਗੀਆਂ ਹਨ।

ਇਸੇ ਕੜੀ ਤਹਿਤ ਫਾਉਂਡੇਸ਼ਨ ਵੱਲੋਂ ਬੀ. ਪੀ. ਸੀ. ਐੱਲ., ਰਾਇਲ ਇੰਨਫੀਲਡ ਅਤੇ ਸੀ. ਆਈ. ਆਈ. ਫਾਉਂਡੇਸ਼ਨ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਪਰਾਲੀ ਦੀ ਉੱਚਿਤ ਸਾਂਭ ਸੰਭਾਲ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਉਨਾਂ ਨੂੰ ਲੋੜੀਂਦੀ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਤਾਂ ਜੋ ਪਹਿਲੇ ਗੁਰੂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ।

Yes Punjab - Top Stories