ਪਰਵਾਸੀ ਪੰਜਾਬੀ ਰਣਜੀਤ ਸਿੰਘ ਧਾਲੀਵਾਲ ਵੱਲੋਂ ਨਿਵੇਕਲੀ ਪਹਿਲ ਕਦਮੀ- ਬਿਨਾ ਕੱਦੂ ਕੀਤਿਆਂ ਝੋਨਾ ਲਾਉਣ ਤੇ ਤਿੰਨ ਹਜ਼ਾਰ ਪ੍ਰਤੀ ਏਕੜ ਘੱਟ ਠੇਕਾ ਲਵੇਗਾ

ਯੈੱਸ ਪੰਜਾਬ
ਲੁਧਿਆਣਾ, 13 ਮਈ, 2022 –
ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਵੱਲੋਂ ਬਿਨਾ ਕੱਦੂ ਕੀਤਿਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਬਸਿਡੀ ਦੇਣ ਦੇ ਐਲਾਨ ਤੋਂ ਅੱਗੇ ਵਧਦਿਆਂ ਪੰਜਾਬ ਦੇ ਪਿੰਡ ਚੰਗਣਾਂ( ਲੁਧਿਆਣਾ ) ਦੇ ਮੂਲ ਵਾਸੀ ਅਤੇ ਪਿਛਲੇ ਤੀਹ ਸਾਲਾਂ ਤੋਂ ਅਮਰੀਕਾ ਦੀ ਜਰਸੀ ਸਟੇਟ ਚ ਵੱਸਦੇ ਪ੍ਰਸਿੱਧ ਕਾਰੋਬਾਰੀ ਸਃ ਰਣਜੀਤ ਸਿੰਘ ਧਾਲੀਵਾਲ ਨੇ ਆਪਣੀ ਜ਼ਮੀਨ ਠੇਕੇ ਤੇ ਵਾਹੁਣ ਵਾਲੇ ਕਿਸਾਨ ਨੂੰ ਪੇਸ਼ਕਸ਼ ਕੀਤੀ ਹੈ ਕਿ ਜੇਕਰ ਉਹ ਬਿਨਾ ਕੱਦੂ ਕੀਤਿਆਂ ਝੋਨਾ ਲਾਵੇਗਾ ਤਾਂ ਉਹ ਉਸ ਤੋਂ ਤਿੰਨ ਹਜ਼ਾਰ ਪ੍ਰਤੀ ਏਕੜ ਘੱਟ ਠੇਕਾ ਲਵੇਗਾ।

ਅੱਜ ਸ਼ਾਮੀਂ ਟੈਲੀਫੋਨ ਤੇ ਉਸ ਨੇ ਆਪਣੇ ਪਰਿਵਾਰਕ ਮਿੱਤਰ ਪ੍ਰੋਃ ਗੁਰਭਜਨ ਸਿੰਘ ਨੂੰ ਉਸ ਕਿਹਾ ਕਿ ਜੇਕਰ ਸਾਡੇ ਬਦੇਸ਼ਾਂ ਚ ਵੱਸਦੇ ਵੀਰ ਜਲ ਸੋਮਿਆਂ ਦੀ ਬੱਚਤ ਲਈ ਆਪੋ ਆਪਣੀ ਜ਼ਮੀਨ ਠੇਕੇ ਤੇ ਵਾਹੁਣ ਵਾਲਿਆਂ ਨੂੰ ਇਹ ਪੇਸ਼ਕਸ਼ ਕਰ ਸਕਣ ਤਾਂ ਪੰਜਾਬ ਨੂੰ ਪਰਵਾਸੀ ਪੰਜਾਬੀਆਂ ਵੱਲੋਂ ਚੰਗਾ ਸੁਨੇਹਾ ਤੇ ਯੋਗਦਾਨ ਦਿੱਤਾ ਜਾ ਸਕਦਾ ਹੈ।

ਸਃ ਧਾਲੀਵਾਲ ਨੇ ਕਿਹਾ ਕਿ ਮੇਰੀ ਪਿੰਡ ਚ 17 ਏਕੜ ਜ਼ਮੀਨ ਵਿੱਚੋਂ ਜਿੰਨੇ ਏਕੜ ਉਹ ਵੀਰ ਸਿੱਧੀ ਬੀਜਾਈ ਰਾਹੀਂ ਝੋਨਾ ਲਾਵੇਗਾ, ਉਸ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਠੇਕਾ ਲਵਾਂਗਾ।

ਉਨ੍ਹਾਂ ਕਿਹਾ ਕਿ ਪਿਛਲੀ ਸ਼ਾਮ ਪ੍ਰਸਿੱਧ ਪੱਤਰਕਾਰ ਜਤਿੰਤਰ ਪੰਨੂ ਜੀ ਵੱਲੋਂ ਇਸ ਮਸਲੇ ਤੇ ਪ੍ਰਗਟ ਕੀਤੇ ਵਿਚਾਰ ਸੁਣ ਕੇ ਮੈਨੂੰ ਇਹ ਵਿਚਾਰ ਆਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਕੁਝ ਹੋਰ ਮਿੱਤਰ ਵੀ ਇਸ ਦਿਸ਼ਾ ਵਿੱਚ ਸੋਚ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ