ਪਰਨੀਤ ਕੌਰ ਤੇ ਵਿਜੇ ਇੰਦਰ ਸਿੰਗਲਾ ਵੱਲੋਂ 1716 ਅਧਿਆਪਕਾਂ ਦੀ ਕਾਬਲੀਅਤ ਤੇ ਮਿਹਨਤ ਦਾ ਸਨਮਾਨ

ਪਟਿਆਲਾ, 7 ਅਕਤੂਬਰ, 2019 –
ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਪਟਿਆਲਾ ਵਿਖੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 1716 ਉਨ੍ਹਾਂ ਅਧਿਆਪਕਾਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਮਾਰਚ 2019 ਦੇ ਇਮਤਿਹਾਨਾਂ ‘ਚ 100 ਫ਼ੀਸਦੀ ਨਤੀਜੇ ਦਿਖਾਏ ਅਤੇ ਸਮਾਰਟ ਸਕੂਲ ਬਣਾਉਣ ‘ਚ ਆਪਣਾ ਵਿਲੱਖਣ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੀ ਮੌਜੂਦ ਸਨ।

ਅਧਿਆਪਕਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾ ਰਹੀ ਹੈ, ਉਥੇ ਹੀ ਸਮੁੱਚੇ ਅਧਿਆਪਕ ਗੁਰੂ ਸਾਹਿਬ ਦੇ ਸੰਦੇਸ਼ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੀ ਨੈਤਿਕ ਸਿੱਖਿਆ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪਲਾਸਟਿਕ ਮੁਕਤ ਆਲਾ ਦੁਆਲਾ ਅਤੇ ਸਵੱਛ ਵਾਤਾਰਵਣ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਤ ਕਰਨ।

ਸ੍ਰੀਮਤੀ ਪਰਨੀਤ ਕੌਰ ਨੇ ਸਲਾਹ ਦਿੱਤੀ ਕਿ ਆਪਣੇ ਸਕੂਲ ਦਾ ਆਲਾ ਦੁਆਲਾ ਪਲਾਸਟਿਕ ਮੁਕਤ ਤੇ ਸਾਫ਼ ਸੁਥਰਾ ਕਰਨ ਦੇ ਇਸ ਉਪਰਾਲੇ ਲਈ ਲਈ ਹਫ਼ਤਾਵਾਰੀ ਇੱਕ ਪੀਰੀਅਡ ਲਗਾ ਕੇ ਅਜਿਹੀਆਂ ਗਤੀਵਿਧੀਆਂ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਾਧੂ ਅੰਕ ਵੀ ਦਿੱਤੇ ਜਾ ਸਕਦੇ ਹਨ। ਉਨ੍ਹਾਂ ਨੇ ਅਧਿਆਪਕਾਂ ਨੂੰ ਇੱਕ ਗੁਰੂ ਦਾ ਦਰਜਾ ਦਿੰਦਿਆਂ ਸਨਮਾਨ ਹਾਸਲ ਕਰਨ ਦੀ ਵਧਾਈ ਵੀ ਦਿੱਤੀ।

ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਕੂਲਾਂ ‘ਚ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਅਨੁਪਾਤ ਨੂੰ ਰੈਸ਼ਨੇਲਾਈਜੇਸ਼ਨ ਨੀਤੀ ਤਹਿਤ 31 ਦਸੰਬਰ 2019 ਤੱਕ ਤਰਕ ਸੰਗਤ ਕਰਕੇ 1 ਜਨਵਰੀ 2020 ਤੋਂ ਮਾਰਚ ਤੱਕ ਹਰ ਵਿਸ਼ੇ ਦੇ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਨਵੀਂ ਭਰਤੀ ਕੀਤੀ ਜਾਵੇਗੀ।

ਇਸ ਲਈ ਅਧਿਆਪਕ ਰੈਸ਼ਨੇਲਾਈਜੇਸ਼ਨ ਨੀਤੀ ਲਾਗੂ ਕਰਨ ‘ਚ ਸਰਕਾਰ ਦਾ ਸਾਥ ਦੇਣ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨਵੀਂ ਆਨ ਲਾਇਨ ਤਬਾਦਲਾ ਨੀਤੀ ਤਹਿਤ ਅਧਿਆਪਕਾਂ ਦੀ ਮੈਰਿਟ ਨੂੰ ਇਸ ਨਾਲ ਜੋੜਿਆ ਅਤੇ 7000 ਬਦਲੀਆਂ ਕੀਤੀਆਂ। ਇਸੇ ਤਰ੍ਹਾਂ ਨਾਨ ਟੀਚਿੰਗ ਅਮਲੇ ਦੀਆਂ ਬਦਲੀਆਂ ਵੀ ਆਨ ਲਾਇਨ ਕੀਤੀਆਂ ਜਾਣਗੀਆਂ।

ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ‘ਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਦੇ ਲਈ ਆਪਣਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨ ਕਰਨ ਦੇ ਫੈਸਲੇ ਤਹਿਤ ਇਸ ਸਾਲ 15000 ਅਧਿਆਪਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਅਗਲੇ ਸਾਲ 30000 ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਹੀ ਪੜ੍ਹੋ ਪੰਜਾਬ ਪ੍ਰਾਜੈਕਟ ਦੀ ਕੌਮੀ ਪੱਧਰ ‘ਤੇ ਸ਼ਲਾਘਾ ਹੋਈ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਨਵੀਂ ਸਮਾਰਟ ਸਕੂਲ ਨੀਤੀ ਤਹਿਤ ਰਾਜ ਦੇ 19 ਹਜ਼ਾਰ ਸਕੂਲਾਂ ‘ਚੋਂ 3300 ਸਕੂਲ ਸਮਾਰਟ ਬਣਾਏ ਗਏ ਹਨ। ਹੋਰ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਕੋਈ ਵੀ ਸਮਾਜ ਸੇਵੀ ਸੰਸਥਾ, ਐਨ.ਆਰ.ਆਈ. ਜਾਂ ਸਥਾਨਕ ਵਿਅਕਤੀ ਯੋਗਦਾਨ ਪਾ ਸਕਦਾ ਹੈ, ਬਸ਼ਰਤੇ ਕਿ ਉਸਦਾ ਪਿਛੋਕੜ ਚੰਗੇ ਚਾਲ ਚਲਣ ਵਾਲਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਲਈ ਲੋੜੀਂਦਾ ਸਾਜੋ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਹਿਯੋਗੀ ਸੰਸਥਾ ਦੇ ਨਾਮ ‘ਤੇ ਸਕੂਲ ਦੇ ਇੱਕ ਬਲਾਕ ਦਾ ਨਾਮ ਰੱਖਿਆ ਜਾਵੇਗਾ।

ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਦੇ ਨਤੀਜੇ ਚੰਗੇ ਨਹੀਂ ਸਨ ਆਉਂਦੇ ਪਰੰਤੂ ਮਾਰਚ 2018 ‘ਚ ਨਕਲ ਬੰਦ ਕਰਨ ਦੇ ਬਾਵਜੂਦ ਮਾਰਚ 2019 ‘ਚ ਵਿਦਿਆਰਥੀਆਂ ਨੇ ਅਧਿਆਪਕਾਂ ਦੇ ਯੋਗਦਾਨ ਦੀ ਬਦੌਲਤ 30 ਫੀਸਦੀ ਚੰਗੇ ਨਤੀਜੇ ਦਿਖਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਹੁਣ ਨਿਜੀ ਸਕੂਲਾਂ ਨੂੰ ਵੀ ਪਿੱਛੇ ਛੱਡ ਰਹੇ ਹਨ ਅਤੇ ਉਮੀਦ ਹੈ ਕਿ ਸਮੁੱਚੇ ਅਧਿਆਪਕ ਮਾਰਚ 2020 ‘ਚ ਸ਼ਤ-ਪ੍ਰਤੀਸ਼ਤ ਮਿਸ਼ਨ ਨੂੰ ਪੂਰਾ ਕਰਨਗੇ।

ਇਸ ਮੌਕੇ ਸਿਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਜਰਨੈਲ ਸਿੰਘ ਕਾਲੇਕਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਕੁਲਭੂਸ਼ਨ ਸਿੰਘ ਬਾਜਵਾ, ਤਹਿਸੀਲਦਾਰ ਪਟਿਆਲਾ ਸ. ਰਣਜੀਤ ਸਿੰਘ ਸਮੇਤ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ ਸਕੂਲ ਮੁਖੀ ਅਤੇ ਅਧਿਆਪਕ ਮੌਜੂਦ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

YP Headlines

Loading...