ਪਰਗਟ ਸਿੰਘ, ਸੰਤੋਖ ਚੌਧਰੀ ਅਤੇ ਸੁਸ਼ੀਲ ਰਿੰਕੂ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ ਬੂਟਾ ਮੰਡੀ ਲੋਕਾਂ ਨੂੰ ਸਮਰਪਿਤ

ਯੈੱਸ ਪੰਜਾਬ
ਜਲੰਧਰ, 17 ਦਸੰਬਰ, 2021 –
ਕੈਬਨਿਟ ਮੰਤਰੀ ਪਰਗਟ ਸਿੰਘ, ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਸਥਾਨਕ ਬੂਟਾ ਮੰਡੀ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਸ ਕਾਲਜ ਦੀ ਸਥਾਪਨਾ ਨਾਲ ਜਲੰਧਰ ਅਤੇ ਨਾਲ ਲੱਗਦੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਦੇ ਹੋਰ ਮੌਕੇ ਪ੍ਰਦਾਨ ਹੋਣਗੇ।

ਪੰਜਾਬ ਸਰਕਾਰ ਵੱਲੋਂ 11.46 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਕਾਲਜ ਸਬੰਧੀ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਸੰਸਥਾ ਲੋੜਵੰਦਾਂ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਦੇ ਨਾਂ ‘ਤੇ ਇਹ ਕਾਲਜ ਦਾ ਨਾਮ ਰੱਖਣਾ ਸੰਵਿਧਾਨ ਨਿਰਮਾਤਾ ਨੂੰ ਢੁੱਕਵੀਂ ਸ਼ਰਧਾਂਜਲੀ ਹੋਵੇਗੀ।

ਇਸ ਦੌਰਾਨ ਕੈਬਨਿਟ ਮੰਤਰੀ, ਲੋਕ ਸਭਾ ਮੈਂਬਰ ਅਤੇ ਵਿਧਾਇਕ ਰਿੰਕੂ ਨੇ 2.71 ਕਰੋੜ ਰੁਪਏ ਦੀ ਲਾਗਤ ਨਾਲ ਬਸਤੀ ਦਾਨਿਸ਼ਮੰਦਾ ਵਿੱਚ ਬਣਨ ਵਾਲੇ ਸਤਿਗੁਰੂ ਕਬੀਰ ਭਵਨ ਦਾ ਨੀਂਹ ਪੱਥਰ ਵੀ ਰੱਖਿਆ। ਵਿਧਾਇਕ ਰਿੰਕੂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਸਤਿਗੁਰੂ ਕਬੀਰ ਭਵਨ ਦੀ ਉਸਾਰੀ ਕਰਵਾਈ ਜਾਵੇ, ਜਿਸ ਨੂੰ ਕਿ ਜਲਦ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਬਸਤੀ ਦਾਨਿਸ਼ਮੰਦਾ ਵਿੱਚ ਸਟੋਰਮ ਵਾਟਰ ਸੀਵਰੇਜ ਸਿਸਟਮ ਦੀ ਸ਼ੁਰੂਆਤ ਕੀਤੀ ਗਈ, ਜਿਹੜਾ ਕਿ ਕਰੀਬ 21 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਵਿਧਾਇਕ ਰਿੰਕੂ ਨੇ ਦੱਸਿਆ ਕਿ ਇਹ ਸਿਸਟਮ ਇਲਾਕੇ ਵਿੱਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਮੁਕੰਮਲ ਤੌਰ ‘ਤੇ ਹੱਲ ਕਰਕੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗਾ।

ਹੋਰਨਾਂ ਤੋਂ ਇਲ਼ਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਪੁੱਡਾ ਦੇ ਏ.ਸੀ.ਏ. ਰਾਜੀਵ ਵਰਮਾ ਆਦਿ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ