ਪਰਗਟ ਸਿੰਘ ਵੱਲੋਂ ਵਲਟੋਹਾ ਅਤੇ ਸਾਹਬਾਜ਼ਪੁਰ ਵਿਖੇ ਦੋ ਡਿਗਰੀ ਕਾਲਜਾਂ ਦੀ ਸ਼ੁਰੂਆਤ; ਮਾਣੋਚਾਹਲ ਅਤੇ ਵਲਟੋਹਾ ਵਿਖੇ ਸਟੇਡੀਅਮ ਬਣਾਉਣ ਦਾ ਵੀ ਕੀਤਾ ਐਲਾਨ

ਯੈੱਸ ਪੰਜਾਬ
ਵਲਟੋਹਾ, ਸਾਹਬਾਜ਼ਪੁਰ (ਤਰਨ ਤਾਰਨ) 30 ਦਸੰਬਰ, 2021 –
ਖੇਡਾਂ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਪਰਗਟ ਸਿੰਘ ਨੇ ਜਿੱਥੇ ਅੱਜ ਖਡੂਰ ਸਾਹਿਬ ਹਲਕੇ ਦੇ ਪਿੰਡ ਸਾਹਬਾਜ਼ਪੁਰ ਵਿਖੇ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਡਿਗਰੀ ਕਾਲਜ ਦਾ ਉਦਘਾਟਨ ਕੀਤਾ, ਉਥੇ ਹਲਕਾ ਖੇਮਕਰਨ ਦੇ ਕਸਬਾ ਵਲਟੋਹਾ ਵਿਖੇ 15 ਕਰੋੜ ਰੁਪਏ ਨਾਲ ਬਣਨ ਵਾਲੇ ਡਿਗਰੀ ਕਾਲਜ ਦੀ ਵੀ ਸ਼ੁਰੂਆਤ ਕੀਤੀ।

ਉਕਤ ਦੋਵਾਂ ਸਥਾਨਾਂ ਉਤੇ ਹੋਏ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦੇ ਸਿੱਖਿਆ ਮੰਤਰੀ ਸ੍ਰੀ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸਾਨੂੰ ਆਪਣੀ ਸਿਹਤ ਅਤੇ ਸੋਚ ਉਤੇ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਮੈਂ ਜਿੱਥੇ ਆਉਣ ਵਾਲੀਆਂ ਪੀੜੀਆਂ ਦੇ ਰਾਹ ਦਸੇਰੇ ਵਜੋਂ ਉਚ ਸਿੱਖਿਆ ਦੇਣ ਲਈ ਕਾਲਜਾਂ ਦੀ ਸ਼ੁਰੂਆਤ ਕਰ ਰਿਹਾ ਹਾਂ, ਉਥੇ ਇਸ ਇਲਾਕੇ ਦੇ ਨੌਜਵਾਨਾਂ ਦੀ ਚੰਗੀ ਸਿਹਤ ਅਤੇ ਤਰੱਕੀ ਲਈ ਮਾਣੋਚਾਹਲ ਅਤੇ ਵਲਟੋਹਾ ਵਿਖੇ ਖੇਡ ਸਟੇਡੀਅਮ ਵੀ ਬਣਾ ਕੇ ਦਿਆਂਗਾ।

ਉਨ੍ਹਾਂ ਐਲਾਨ ਕੀਤਾ ਕਿ ਉਕਤ ਕਾਲਜਾਂ ਵਿੱਚ ਵੀ ਖੇਡਾਂ ਦੇ ਵਿੰਗ ਇਲਾਕਾ ਵਾਸੀਆਂ ਦੀ ਲੋੜ ਅਨੁਸਾਰ ਦਿੱਤੇ ਜਾਣਗੇ, ਤਾਂ ਜੋ ਇਸ ਇਲਾਕੇ ਦੇ ਬੱਚੇ ਖੇਡਾਂ ਵਿੱਚ ਵੀ ਦੇਸ਼ ਦੀ ਅਗਵਾਈ ਕਰਨ ਲਈ ਅੱਗੇ ਆ ਸਕਣ। ਉਨ੍ਹਾਂ ਕਿਹਾ ਕਿ ਅੱਜ ਮੈਂ ਜਿਸ ਮੁਕਾਮ ਉਤੇ ਹਾਂ ਉਹ ਖੇਡ ਕਰਕੇ ਹੀ ਹਾਂ, ਸੋ ਨੌਜਵਾਨ ਜੇਕਰ ਕਿਸੇ ਵੀ ਖੇਡ ਵਿੱਚ ਮਿਹਨਤ ਕਰਨ ਤਾਂ ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਨੂੰ ਅੱਗੇ ਆਉਣ ਤੋਂ ਰੇਕਾਬ ਨਹੀਂ ਸਕਦੀ।

ਇਲਾਕੇ ਦੋ ਅੱਠ ਸਕੂਲਾਂ ਨੂੰ ਅਪਗਰੇਡ ਕਰਨ ਦਾ ਐਲਾਨ ਕਰਦੇ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਇਸ ਕੰਮ ਲਈ ਉਹ ਸਦਾ ਹਾਜ਼ਰ ਹਨ ਅਤੇ ਤੁਸੀਂ ਜੇਕਰ ਹੋਰ ਵੀ ਕਿਧਰੇ ਲੋੜ ਸਮਝੋ ਤਾਂ ਸਕੂਲ ਅਪਗਰੇਡ ਕੀਤੇ ਜਾ ਸਕਦੇ ਹਨ। ਉਨ੍ਹਾਂ ਹਲਕਾ ਖੇਮਕਰਨ ਵਿਚ ਲੋਕਾਂ ਦੀ ਮੰਗ ਉਪਰ ਕਿਸੇ ਵੀ ਪਿੰਡ ਵਿੱਚ ਖੇਡ ਪਾਰਕ ਬਨਾਉਣ ਲਈ 50 ਲੱਖ ਰੁਪਏ ਅਤੇ ਸਰਕਾਰੀ ਸਕੂਲ ਵਰਨਾਲਾ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿਚ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਕਲਿਆਣ ਯੋਜਨਾਵਾਂ ਦਾ ਹਵਾਲਾ ਦਿੰਦੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦਾ ਹਵਾਲਾ ਦਿੰਦੇ ਕਿਹਾ ਕਿ ਜਿਸ ਤਰ੍ਹਾਂ ਇਕ ਆਮ ਪਰਿਵਾਰ ਦੇ ਵਿਅਕਤੀ ਨੂੰ ਮੁੱਖ ਮੰਤਰੀ ਦੀ ਕੁਰਸੀ ਕਾਂਗਰਸ ਨੇ ਦਿੱਤੀ ਹੈ ਉਹ ਪਾਰਟੀ ਜਾਬਤੇ ਅਤੇ ਲੋਕਤੰਤਰ ਪ੍ਣਾਲੀ ਦੀ ਇਕ ਮਿਸਾਲ ਹੈ।

ਇਸ ਮੌਕੇ ਸੰਬੋਧਨ ਕਰਦੇ ਲੋਕ ਸਭਾ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਨੇ ਹਲਕਾ ਵਿਧਾਇਕ ਸ੍ਰੀ ਸੁਖਪਾਲ ਸਿੰਘ ਭੁੱਲਰ ਵੱਲੋਂ ਹਲਕੇ ਵਿੱਚ ਕਰਵਾਏ ਵਿਕਾਸ ਕੰਮਾਂ ਦਾ ਹਵਾਲਾ ਦਿਦੇ ਖੇਮਕਰਨ ਨਗਰ ਪੰਚਾਇਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਸੰਬੋਧਨ ਕਰਦੇ ਵਿਧਾਇਕ ਸ੍ਰੀ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਮੈਂ ਆਪਣੇ ਹਲਕੇ ਵਿੱਚ ਜਿੰਨੇ ਵਿਕਾਸ ਦੇ ਕੰਮ ਕਰਵਾਏ ਹਨ ਉਨੇ ਪਿਛਲੀਆਂ ਸਰਕਾਰਾਂ ਵਿੱਚ ਕਦੇ ਵੀ ਨਹੀਂ ਹੋਏ। ਉਨ੍ਹਾਂ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਵਲੋਂ ਕੀਤੀਆਂ ਪਹਿਲ ਕਦਮੀਆਂ ਦਾ ਸਵਾਗਤ ਕਰਦੇ ਕਿਹਾ ਕਿ ਇਸ ਨਾਲ ਲੋਕ ਪੱਖੀ ਫੈਸਲੇ ਹੋਏ ਹਨ, ਜੋ ਕਿ ਪਾਰਟੀ ਨੂੰ ਮੁੜ ਸਰਕਾਰ ਵਿੱਚ ਲਿਆਉਣ ਲਈ ਬੇਹੱਦ ਜਰੂਰੀ ਸਨ। ਉਨ੍ਹਾਂ ਹਲਕੇ ਵਿੱਚ ਡਿਗਰੀ ਕਾਲਜ ਦੇਣ ਲਈ ਸਿੱਖਿਆ ਮੰਤਰੀ ਸ ਪ੍ਗਟ ਸਿੰਘ ਹੁਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਸਾਹਬਾਜ਼ਪੁਰ ਵਿਖੇ ਸੰਬੋਧਨ ਕਰਦੇ ਹੋਏ ਵਿਧਾਇਕ ਸ੍ਰ. ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਮੈਂ ਜਦੋਂ ਇੱਥੇ ਵੋਟਾਂ ਲਈ ਆਇਆ ਸੀ ਤਾਂ ਲੋਕਾਂ ਨੇ ਕਾਲਜ ਦੀ ਮੰਗ ਕੀਤੀ ਸੀ ਅਤੇ ਅੱਜ ਸਰਕਾਰ ਦੇ ਸਹਿਯੋਗ ਨਾਲ ਇਹ ਮੰਗ ਪੂਰੀ ਕਰਕੇ ਮੈਨੂੰ ਵੱਡਾ ਸਕੂਨ ਮਿਲਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ ਗੁਰਚੇਤ ਸਿੰਘ ਭੁੱਲਰ, ਸ੍ਰੀ ਰਾਜਬੀਰ ਸਿੰਘ ਭੁੱਲਰ, ਸ੍ੀ ਜਰਮਨਜੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ