ਪਰਗਟ ਸਿੰਘ ਨੇ ਗੋਇੰਦਵਾਲ ਸਾਹਿਬ ਵਿਖ਼ੇ ਸਾਢੇ ਪੰਜ ਏਕੜ ਵਿੱਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਅਮਰਦਾਸ ਸਪੋਰਟਸ ਪਾਰਕ ਦਾ ਰੱਖ਼ਿਆ ਨੀਂਹ ਪੱਥਰ

ਯੈੱਸ ਪੰਜਾਬ
ਤਰਨ ਤਾਰਨ, 30 ਦਸੰਬਰ, 2021 –
ਪੰਜਾਬ ਦੀ ਵਿਰਾਸਤ ਨੂੰ ਬਚਾਉਣ ਲਈ ਨਰੋਈ ਸਿਹਤ ਅਤੇ ਨਰੋਈ ਸੋਚ ‘ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਅਤੇ ਨੌਜਵਾਨਾਂ ਨੂੰ ਚੰਗੀ ਸਿਹਤ ਅਤੇ ਚੰਗੀ ਸੇਧ ਦੇਣ ਲਈ ਸਾਨੂੰ ਸਭ ਨੰੁ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਪਰਗਟ ਸਿੰਘ ਨੇ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਇਤਿਹਾਸਿਕ ਕਸਬਾ ਗੋਇੰਦਵਾਲ ਸਾਹਿਬ ਵਿਖੇ ਲੱਗਭੱਗ ਸਾਢੇ ਪੰਜ ਏਕੜ ਵਿੱਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਅਮਰਦਾਸ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਰਮਨਜੀਤ ਸਿੰਘ ਸਿੱਕੀ, ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਹਰਵਿੰਦਰ ਸਿੰਘ ਵਿਰਕ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿ ਜੇਕਰ ਅਸੀਂ ਆਉਣ ਵਾਲੀ ਪੀੜ੍ਹੀ ਨੰੁ ਸਮੇਂ ਦੇ ਹਾਣੀ ਨਾ ਬਣਾ ਸਕੇ ਤਾਂ ਕਿਸੇ ਵੀ ਤਰ੍ਹਾਂ ਦੇ ਵਿਕਾਸ ਦਾ ਕੋਈ ਮੁੱਲ ਨਹੀਂ ਹੈ। ਉਹਨਾਂ ਕਿ ਇਸ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਉਚਿਤ ਕਦਮ ਚੁੱਕੇ ਗਏ ਹਨ ਤਾਂ ਜੋ ਪੜ੍ਹਾਈ ਕਰਨ ਉਪਰੰਤ ਨੌਜਵਾਨ ਪੀੜ੍ਹੀ ਨੰੁ ਰੋਜ਼ਗਾਰ ਮਿਲ ਸਕੇ।

ਉਹਨਾਂ ਕਿਹਾ ਕਿ ਪੰਜਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਗੋਇੰਦਵਾਲ ਸਾਹਿਬ ਵਿਖੇ ਬਣਾਏ ਜਾਣ ਵਾਲੇ ਸ੍ਰੀ ਗੁਰੂ ਅਮਰਦਾਸ ਸਪੋਰਟਸ ਪਾਰਕ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਲਈ ਲੋੜੀਂਦੀ ਪ੍ਰਕਿਰਿਆ ਸ਼ੂਰੂ ਹੋ ਚੁੱਕੀ ਹੈ।ਉਹਨਾਂ ਦੱਸਿਆ ਕਿ ਇਸ ਸਪੋਰਟਸ ਪਾਰਕ ਵਿੱਚ ਵੱਖ-ਵੱਖ ਖੇਡ ਗਰਾਊਂਡਾਂ ਬਣਾਉਣ ਦੇ ਨਾਲ-ਨਾਲ ਫੁਹਾਰਾ ਸਿਸਟਮ, ਚਾਰਦਿਵਾਰੀ ਅਤੇ ਪਲਾਂਟੇਸ਼ਨ ਦਾ ਕੰਮ ਵੀ ਕੀਤਾ ਜਾਵੇਗਾ।

ਇਸ ਉਪਰੰਤ ਕੈਬਨਿਟ ਮੰਤਰੀ ਪੰਜਾਬ ਸ੍ਰੀ ਪਰਗਟ ਸਿੰਘ ਨੇ ਚੋਹਲਾ ਸਾਹਿਬ ਵਿਖੇ ਕਰਵਾਏ ਗਏ ਇੱਕ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਨੌਜਵਾਨ ਖਿਡਾਰੀਆਂ ਨੂੂੰ ਖੇਡਾਂ ਨਾਲ ਜੁੜਨ ਲਈ ਹੱਲਾਸ਼ੇਰੀ ਦਿੱਤੀ।ਇਸ ਮੌਕੇ ਉਹਨਾਂ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਰਮਨਜੀਤ ਸਿੰਘ ਸਿੱਕੀ ਦੀ ਮੰਗ ਉੱਤੇ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਹਾਕੀ ਗਰਾਂਊਂਡ ਵਿੱਚ 6ਏ ਸਾਈਡ ਐਸਟੋਟਰਫ਼ ਲਗਾਉਣ, ਓਪਨ ਜਿੰਮ ਬਣਾਉਣ ਅਤੇ ਹਾਕੀ ਵਿੰਗ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ।ਇਸ ਮੌਕੇ ਉਹਨਾਂ ਵੱਲੋਂ ਯੋਗ ਲਾਭਪਾਤਰੀਆਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਮੁਹੱਈਆ ਕਰਵਾਉਣ ਲਈ ਸਨਦਾਂ ਵੀ ਵੰਡੀਆਂ ਗਈਆਂ।

ਇਸ ਮੌਕੇ ਹਲਕਾ ਵਿਧਾਇਕ ਸ੍ਰੀ ਰਮਨਜੀਤ ਸਿੰਘ ਸਿੱਕੀ ਨੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਪਰਗਟ ਸਿੰਘ ਨੂੰ ਜੀ ਆਇਆ ਨੂੰ ਆਖਦਿਆਂ ਹਲਕੇ ਦੇ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ