ਪਰਕਾਸ਼ ਪੁਰਬ ਦੌਰਾਨ ਕਾਂਗਰਸੀ ਸਟੇਜ ਉੱਤੇ ਜਾ ਕੇ ਅਖੌਤੀ ਟਕਸਾਲੀਆਂ ਨੇ ਆਪਣਾ ਅਸਲੀ ਰੰਗ ਵਿਖਾਇਆ: ਅਕਾਲੀ ਦਲ

ਚੰਡੀਗੜ੍ਹ, 14 ਨਵੰਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਖੌਤੀ ਟਕਸਾਲੀ ਆਗੂਆਂ ਨੇ ਪਰਕਾਸ਼ ਪੁਰਬ ਸਮਾਗਮਾਂ ਦੌਰਾਨ ਕਾਂਗਰਸ ਪਾਰਟੀ ਦੀ ਸਟੇਜ ਉੱਤੇ ਕਠਪੁਤਲੀਆਂ ਵਾਂਗ ਚਹਿਲਕਦਮੀ ਕਰਕੇ ਆਪਣੀ ਅਸਲੀ ਰੰਗ ਵਿਖਾ ਦਿੱਤਾ ਹੈ ਅਤੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਾਂਗਰਸ ਦੇ ਪਿਆਦੇ ਹਨ, ਜਿਹਨਾਂ ਨੂੰ ਅਕਾਲੀ ਦਲ ਖ਼ਿਲਾਫ ਟੱਕਰ ਲੈਣ ਲਈ ਖੜ੍ਹਾ ਕੀਤਾ ਗਿਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਿਸ ਢੰਗ ਨਾਲ ਅਖੌਤੀ ਟਕਸਾਲੀ ਆਗੂਆਂ ਸੇਵਾ ਸਿੰਘ ਸੇਖਵਾਂ ਅਤੇ ਬਾਕੀਆਂ ਨੂੰ ਕਾਂਗਰਸੀ ਸਟੇਜ ਉੱੱਤੇ ਬਿਠਾਇਆ ਗਿਆ ਸੀ, ਉਸ ਤੋਂ ਕਾਂਗਰਸ ਪਾਰਟੀ ਦੀ ਘਬਰਾਹਟ ਸਾਫ ਝਲਕਦੀ ਸੀ।

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕੁੱਝ ਸਿੱਖ ਚਿਹਰੇ ਵਿਖਾਉਣ ਲਈ ਇੰਨੀ ਬੇਚੈਨ ਸੀ ਕਿ ਇਸ ਨੇ ਅਕਾਲੀ ਦਲ ਦੇ ਉਹਨਾਂ ਸਾਬਕਾ ਮੈਂਬਰਾਂ ਨੂੰ ਵੀ ਸਟੇਜ ਉੱਤੇ ਸਜਾ ਦਿੱਤਾ, ਜਿਹਨਾਂ ਨੂੰ ਪਾਰਟੀ ਛੱਡਣ ਮਗਰੋਂ ਲੋਕਾਂ ਵੱਲੋਂ ਪੂਰੀ ਤਰ੍ਹਾਂ ਨਕਾਰਿਆ ਜਾ ਚੁੱਕਾ ਸੀ।

ਟਕਸਾਲੀ ਆਗੂਆਂ ਨੂੰ ਆਪਣੇ ਵਿਵਹਾਰ ਉੱਤੇ ਝਾਤ ਪਾਉਣ ਲਈ ਆਖਦਿਆਂ ਸਰਦਾਰ ਵਲਟੋਹਾ ਨੇ ਕਿਹਾ ਕਿ ਕਾਂਗਰਸੀ ਪੰਡਾਲ ਵਿਚ ਜਾ ਕੇ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ ਦੀ ਉਲੰਘਣਾ ਕੀਤੀ ਹੈ, ਜਿਸ ਵਿਚ ਸਾਫ ਕਿਹਾ ਗਿਆ ਸੀ ਕਿ 550ਵੇਂ ਪਰਕਾਸ਼ ਪੁਰਬ ਮੌਕੇ ਸਿਰਫ ਇੱਕ ਸਾਂਝਾ ਸਮਾਗਮ ਹੋਵੇਗਾ ਅਤੇ ਇਸ ਸਮਾਗਮ ਦਾ ਬੰਦੋਬਸਤ 12 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਕਾਂਗਰਸੀ ਸਮਾਗਮ ਵਿਚ ਭਾਗ ਲੈ ਕੇ ਟਕਸਾਲੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਦੇ ਮਨ ਵਿਚ ਸਿੱਖ ਮਰਿਆਦਾ ਲਈ ਕੋਈ ਸਤਿਕਾਰ ਨਹੀਂ ਹੈ ਅਤੇ ਉਹ ਆਪਣੇ ਕਾਂਗਰਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕੁੱਝ ਵੀ ਕਰ ਸਕਦੇ ਹਨ।

ਅਖੌਤੀ ਟਕਸਾਲੀਆਂ ਨੂੰ ਸਿੱਖ ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਮੁਆਫੀ ਮੰਗਣ ਲਈ ਆਖਦਿਆਂ ਸਰਦਾਰ ਵਲਟੋਹਾ ਨੇ ਕਿਹਾ ਕਿ ਕਿਸੇ ਵੀ ਸੱਚੇ ਗੁਰੂ ਕੇ ਸਿੱਖ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਦਿੱਲੀ ਦੇ ਬੁੱਚੜਾਂ ਕੋਲੋਂ ਸਿਰੋਪਾਓ ਲਵੇ।

ਅਜਿਹਾ ਕਰਕੇ ਅਖੌਤੀ ਟਕਸਾਲੀਆਂ ਨੇ ਨਾ ਸਿਰਫ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਨਿਰਾਦਰ ਕੀਤਾ ਹੈ, ਸਗੋਂ ਉਹਨਾਂ ਪਰਿਵਾਰਾਂ ਨੂੰ ਵੀ ਡਾਹਢੀ ਚੋਟ ਪਹੁੰਚਾਈ ਹੈ, ਜਿਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 1984 ਵਿਚ ਕਾਂਗਰਸੀ ਗੁੰਡਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸਿਰਫ ਸਿਆਸੀ ਫਾਇਦੇ ਲਈ ਸਿੱਖਾਂ ਦੇ ਜਜ਼ਬਾਤਾਂ ਦਾ ਘਾਣ ਕਰਨ ਵਾਲੇ ਅਖੌਤੀ ਟਕਸਾਲੀ ਆਗੂਆਂ ਨੂੰ ਸਿੱਖ ਸੰਗਤ ਕਦੇ ਵੀ ਮੁਆਫ ਨਹੀਂ ਕਰੇਗੀ।

Share News / Article

Yes Punjab - TOP STORIES