ਪਟਿਆਲਾ ਫ਼ੋਕਲ ਪੁਆਇੰਟ ’ਚ ਲੱਗੀ ਅੱਗ, ਜਾਇਜ਼ਾ ਲੈਣ ਪੁੱਜੀ ਪ੍ਰਨੀਤ ਕੌਰ ਨੇ ਕਿਹਾ ‘ਪੱਕੀ ਫ਼ਾਇਰ ਬ੍ਰਿਗੇਡ ਖੜ੍ਹਾਈ ਜਾਵੇਗੀ’

ਪਟਿਆਲਾ, 7 ਸਤੰਬਰ, 2019 –
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਦੇ ਫੋਕਲ ਪੁਆਇੰਟ ਦੇ ਪਲਾਟ ਸੀ-129 ਵਿਖੇ ਸਥਿਤ ਜੇ.ਜੇ. ਕੈਮੀਕਲਜ ਫੈਕਟਰੀ ‘ਚ ਅੱਜ ਸਵੇਰੇ ਲੱਗੀ ਅੱਗ ਵਾਲੇ ਸਥਾਨ ਦਾ ਦੌਰਾ ਕਰਕੇ ਪੀੜਤਾਂ ਪਰਿਵਾਰ ਨਾਲ ਮੁਲਾਕਾਤ ਕਰਕੇ ਹਮਦਰਦੀ ਦਾ ਪ੍ਰਗਟਾਵਾਂ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਫੋਕਲ ਪੁਆਇੰਟ ਵਿਖੇ ਪੱਕੇ ਤੌਰ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿਚ ਦੁਬਾਰਾ ਅਜਿਹੀ ਘਟਨਾ ਨਾ ਵਾਪਰ ਸਕੇ।

ਘਟਨਾ ਵਾਲੇ ਸਥਾਨ ‘ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੇ ਨਾਲ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਸੰਤ ਲਾਲ ਬਾਂਗਾ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ ਅਤੇ ਐਸ.ਡੀ.ਐਮ. ਸ. ਰਵਿੰਦਰ ਸਿੰਘ ਅਰੋੜਾ ਵੀ ਮੌਜੂਦ ਸਨ।

ਸ੍ਰੀਮਤੀ ਪਰਨੀਤ ਕੌਰ ਨੇ ਘਟਨਾ ਵਾਲੇ ਸਥਾਨਾਂ ਦਾ ਦੌਰਾ ਕਰਨ ਮੌਕੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਅੱਗ ਦੀ ਸੂਚਨਾ ਮਿਲਣ ‘ਤੇ ਤੁਰੰਤ ਹਰਕਤ ‘ਚ ਆਇਆ ਅਤੇ ਪਟਿਆਲਾ ਸਮੇਤ ਰਾਜਪੁਰਾ, ਨਾਭਾ ਅਤੇ ਸਮਾਣਾ ਤੋਂ ਅੱਗ ਬੁਝਾਊ ਗੱਡੀਆਂ ਬੁਲਾਈਆਂ ਅਤੇ ਅੱਗ ਬੁਝਾਊ ਦਸਤੇ ਨੇ ਅੱਗ ‘ਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕੋਲ ਦੋ ਨਵੀਂਆਂ ਫਾਇਰ ਬ੍ਰਿਗੇਡ ਗੱਡੀਆਂ ਆਈਆਂ ਹਨ ਜਿਸ ਵਿਚੋਂ ਇਕ ਪੱਕੇ ਤੌਰ ‘ਤੇ ਫੋਕਲ ਪੁਆਇੰਟ ਵਿਚ ਹੀ ਰਹੇਗੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ।

ਸ੍ਰੀਮਤੀ ਪਰਨੀਤ ਕੌਰ ਨੇ ਫੈਕਟਰੀ ਦੇ ਮਾਲਕ ਸ. ਪਰਮਜੀਤ ਸਿੰਘ ਵਾਲੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਂਵਾ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਫੋਕਲ ਪੁਆਇੰਟ ਇੰਡਸਟਰੀਜ ਐਸੋਸੀਏਸ਼ਨਾਂ ਦੇ ਨੁਮਾਇੰਦੇ, ਡੀ.ਐਸ.ਪੀ. ਸ੍ਰੀ ਸੌਰਵ ਜਿੰਦਲ, ਨਾਇਬ ਤਹਿਸੀਲਦਾਰ ਸ੍ਰੀ ਪਰਮਜੀਤ ਜਿੰਦਲ ਅਤੇ ਹੋਰ ਅਧਿਕਾਰੀ ਮੌਕੇ ‘ਤੇ ਮੌਜੂਦ ਰਹੇ।

Share News / Article

Yes Punjab - TOP STORIES