ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, 15 ਮਹੀਨਿਆਂ ‘ਚ 814 ਮਾਮਲੇ ਦਰਜ ਕਰਕੇ 1016 ਗ੍ਰਿਫ਼ਤਾਰ

ਪਟਿਆਲਾ, 22 ਨਵੰਬਰ, 2019:
ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਜੰਗ ਤਹਿਤ ਪਟਿਆਲਾ ਪੁਲਿਸ ਨੇ ਪਿਛਲੇ 15 ਮਹੀਨਿਆਂ ਦੇ ਅਰਸੇ ਦੌਰਾਨ ਨਸ਼ਿਆਂ ਦੇ ਕਾਲੇ ਕਾਰੋਬਾਰ ‘ਚ ਲੱਗੇ ਲੋਕਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਨਸ਼ਾ ਵਿਰੋਧੀ ਐਕਟ ਤਹਿਤ 814 ਮਾਮਲੇ ਦਰਜ ਕਰਕੇ 1016 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਇਸ ਤੋਂ ਬਿਨ੍ਹਾਂ ਆਬਕਾਰੀ ਐਕਟ ਤਹਿਤ ਦਰਜ ਕੀਤੇ 1279 ਮਾਮਲਿਆਂ ‘ਚ 1209 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂਕਿ ਅਸਲਾ ਐਕਟ ‘ਚ ਦਰਜ 17 ਕੇਸਾਂ ‘ਚ 30 ਜਣੇ ਫੜੇ ਗਏ ਹਨ।

ਐਸ.ਐਸ.ਪੀ. ਸ. ਸਿੱਧੂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਘੜ੍ਹੀ ਰਣਨੀਤੀ ਤਹਿਤ ਵੱਖ-ਵੱਖ ਮਾਮਲਿਆਂ ‘ਚ 9 ਕਿੱਲੋ 840 ਗ੍ਰਾਮ ਹੈਰੋਇਨ, ਸਮੈਕ 3 ਕਿਲੋ 30 ਗ੍ਰਾਮ, 50 ਕਿੱਲੋ ਅਫ਼ੀਮ, 3245 ਕਿੱਲੋ ਭੁੱਕੀ, 1 ਕਿੱਲੋ 361 ਗ੍ਰਾਮ ਸੁਲਫ਼ਾ, 5 ਲੱਖ 30 ਹਜ਼ਾਰ 724 ਨਸ਼ੀਲੀਆਂ ਗੋਲੀਆਂ, 22 ਹਜ਼ਾਰ 488 ਨਸ਼ੀਲੇ ਕੈਪਸੂਲ, 5 ਕਿਲੋ 500 ਗ੍ਰਾਮ ਚਰਸ, 2738 ਟੀਕੇ, 2209 ਨਸ਼ੀਲੇ ਪਦਾਰਥ ਦੀਆਂ ਬੋਤਲਾਂ ਤੇ 76 ਕਿੱਲੋ ਗਾਂਜਾ ਸਮੇਤ ਹੋਰ ਬਹੁਤ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਐਸ.ਐਸ.ਪੀ. ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਜਿੱਥੇ ਇਨ੍ਹਾਂ ਮਾਮਲਿਆਂ ‘ਚ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਥੇ ਹੀ 103 ਵਾਹਨ ਤੇ 170 ਦੋ ਪਹੀਆ ਵਾਹਨ ਵੀ ਜ਼ਬਤ ਕੀਤੇ ਗਏ ਹਨ।

ਸ. ਸਿੱਧੂ ਨੇ ਦੱਸਿਆ ਕਿ ਅਸਲਾ ਐਕਟ ਤਹਿਤ ਵੀ 17 ਮਾਮਲੇ ਦਰਜ ਕਰਕੇ 30 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਨ੍ਹਾਂ ਦੇ ਕਬਜ਼ੇ ‘ਚੋਂ 25 ਪਿਸਤੌਲ, 9 ਰਿਵਾਲਵਰ, 3 ਗੰਨਜ, 219 ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਬਕਾਰੀ ਐਕਟ ਤਹਿਤ 1279 ਮਾਮਲੇ ਦਰਜ ਕਰਕੇ 1209 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 1 ਲੱਖ 84 ਹਜ਼ਾਰ 176 ਲਿਟਰ ਗ਼ੈਰ ਪਾਬੰਦੀ ਸ਼ੁਦਾ ਸ਼ਰਾਬ ਅਤੇ 876 ਲਿਟਰ ਨਾਜਾਇਜ਼ ਸ਼ਰਾਬ, 69821 ਲਿਟਰ ਅੰਗਰੇਜ਼ੀ ਸ਼ਰਾਬ, 1063 ਲਿਟਰ ਲਾਹਨ, ਬਰਾਮਦ ਕੀਤਾ ਗਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਆਬਕਾਰੀ ਐਕਟ ਤਹਿਤ 271 ਚਾਰ ਪਹੀਆ ਤੇ 162 ਦੋ ਪਹੀਆ ਤੇ 5 ਤਿੰਨ ਪਹੀਆ ਵਾਹਨ ਜ਼ਬਤ ਕੀਤੇ ਗਏ ਹਨ। ਸ. ਸਿੱਧੂ ਨੇ ਦੱਸਿਆ ਕਿ ਨਸ਼ਿਆਂ ਦੇ ਕਾਰੋਬਾਰ ‘ਚ ਸ਼ਮੂਲੀਅਤ ਵਾਲੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Share News / Article

Yes Punjab - TOP STORIES