ਪਟਿਆਲਾ ਪੁਲਿਸ ਦੇ ਦੋ ਕੋਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਆਈ.ਜੀ. ਔਲਖ ਨੇ ਭੇਟ ਕੀਤੇ 10-10 ਲੱਖ ਰੁਪਏ ਦੇ ਚੈਕ

ਪਟਿਆਲਾ, 24 ਸਤੰਬਰ, 2020 –
ਪਟਿਆਲਾ ਪੁਲਿਸ ਦੇ ਏ.ਐਸ.ਆਈ. ਜੋਗਿੰਦਰ ਸਿੰਘ ਅਤੇ ਹੋਮਗਾਰਡ ਦੇ ਜਵਾਨ ਦਰਸ਼ਨ ਸਿੰਘ ਜੋਕਿ ਡਿਊਟੀ ਦੌਰਾਨ ਕੋਵਿਡ-19 ਖ਼ਿਲਾਫ਼ ਦਲੇਰੀ ਨਾਲ ਜੰਗ ਲੜਦਿਆਂ ਆਪਣੀ ਜਿੰਦਗੀ ਦੀ ਜੰਗ ਹਾਰ ਗਏ, ਦੇ ਪਰਿਵਾਰਾਂ ਨੂੰ ਪਟਿਆਲਾ ਪੁਲਿਸ ਨੇ ਪੁਲਿਸ ਏਕਤਾ ਵੈਲਫੇਅਰ ਫੰਡ ਵਿੱਚੋਂ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ ਹਨ।

ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਨੇ ਇਹ ਚੈਕ, ਜੋਗਿੰਦਰ ਸਿੰਘ ਦੀ ਪਤਨੀ ਸ੍ਰੀਮਤੀ ਸੁਖਜਿੰਦਰ ਕੌਰ ਅਤੇ ਦਰਸ਼ਨ ਸਿੰਘ ਦੀ ਪਤਨੀ ਸ੍ਰੀਮਤੀ ਪਰਮਜੀਤ ਕੌਰ ਨੂੰ ਸੌਂਪਦਿਆਂ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਆਪਣੇ ਜਵਾਨਾਂ ਦੇ ਹਰ ਦੁੱਖ-ਸੁੱਖ ‘ਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਵੀ ਮੌਜੂਦ ਸਨ।

ਏ.ਐਸ.ਆਈ. (ਐਲ.ਆਰ.) ਨੰਬਰ 510 ਜੋਗਿੰਦਰ ਸਿੰਘ ਜੋ ਕਿ ਆਈ.ਜੀ ਪਟਿਆਲਾ ਰੇਂਜ ਦੀ ਰਿਹਾਇਸ਼ ‘ਤੇ ਟੈਲੀਫੋਨ ਆਪਰੇਟਰ ਦੀ ਡਿਊਟੀ ‘ਤੇ ਤਾਇਨਾਤ ਸੀ, ਨੂੰ ਬੁਖਾਰ ਦੀ ਸ਼ਿਕਾਇਤ ਹੋਣ ਕਾਰਨ ਮਿਤੀ 14 ਸਤੰਬਰ ਨੂੰ ਪਟਿਆਲਾ ਦੇ ਇੱਕ ਨਿਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਤਬੀਅਤ ‘ਚ ਸੁਧਾਰ ਨਾ ਹੋਣ ਕਾਰਨ ਅਤੇ ਛਾਤੀ ਵਿੱਚ ਤਕਲੀਫ ਵਧਣ ਕਾਰਨ ਮਿਤੀ 17 ਸਤੰਬਰ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸਨੇ ਇਲਾਜ ਦੌਰਾਨ ਕੋਰੋਨਾ ਨਾਲ ਲੜਾਈ ਲੜਦਿਆਂ 19 ਸਤੰਬਰ ਨੂੰ ਆਖਰੀ ਸਾਹ ਲਿਆ।

ਜਦੋਂਕਿ ਹੋਮਗਾਰਡ ਜਵਾਨ ਨੰਬਰ 30313 ਦਰਸ਼ਨ ਸਿੰਘ ਥਾਣਾ ਘੱਗਾ ਵਿਖੇ ਆਪਣੀ ਡਿਊਟੀ ਨਿਭਾ ਰਿਹਾ ਸੀ, ਜਿਸ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ 14 ਸਤੰਬਰ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਪਰੰਤੂ ਇਥੇ ਇਸ ਨੇ ਇਲਾਜ ਦੌਰਾਨ ਕੋਰੋਨਾ ਮਾਂਹਮਾਰੀ ਨਾਲ ਲੜਾਈ ਲੜਦਿਆਂ 16 ਸਤੰਬਰ ਨੂੰ ਉਸ ਦਾ ਦੇਹਾਂਤ ਹੋ ਗਿਆ।

ਆਈ.ਜੀ. ਸ. ਔਲਖ ਨੇ ਇਨ੍ਹਾਂ ਦੋਵਾਂ ਮੁਲਾਜਮਾਂ ਦੇ ਪਰਿਵਾਰਾਂ ਨੂੰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ, ਦੁੱਖ ਸਾਂਝਾ ਕੀਤਾ ਕਰਦਿਆਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਦਿਲਾਸਾ ਦਿੰਦਿਆਂ ਕਿਹਾ ਕਿ ਉਹਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ ਪ੍ਰੰਤੂ ਪੰਜਾਬ ਪੁਲਿਸ ਉਹਨ੍ਹਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਸਾਥ ਦੇਵੇਗੀ।

ਸ. ਔਲਖ ਨੇ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਡਿਊਟੀ ਨਿਭਾਉਣ ਦੇ ਨਾਲ-ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣ ਲਈ ਕਿਹਾ ਗਿਆ।

ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਇਸ ਮੌਕੇ ਕਿਹਾ ਕਿ ਪਟਿਆਲਾ ਪੁਲਿਸ ਜਿੱਥੇ ਕੋਰੋਨਾ ਮਾਹਮਾਂਰੀ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਦਿਨ-ਰਾਤ ਨਿਭਾ ਰਹੀ ਹੈ, ਉੱਥੇ ਹੀ ਆਪਣੀ ਵਚਨਬੱਧਤਾ ਮੁਤਾਬਕ ਜ਼ਿਲ੍ਹੇ ਨੂੰ ਜ਼ੁਰਮ ਮੁਕਤ ਰੱਖਣ ਲਈ ਵੀ ਨਿਰੰਤਰ ਯਤਨਸ਼ੀਲ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories