ਪਟਿਆਲਾ ’ਚ ਅਕਤੂਬਰ ਤੱਕ 21,495 ਵਾਹਨਾਂ ਦੇ ਚਲਾਨ ਕੱਟੇ, 80 ਲੱਖ ਤੋਂ ਵੱਧ ਜੁਰਮਾਨਾ ਵਸੂਲਿਆ: ਐਸ.ਐਸ.ਪੀ. ਸਿੱਧੂ

ਪਟਿਆਲਾ, 18 ਨਵੰਬਰ, 2019 –
ਟ੍ਰੈਫ਼ਿਕ ਪੁਲਿਸ ਪਟਿਆਲਾ ਵੱਲੋਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤੀ ਨਾਲ ਪੇਸ਼ ਆਇਆ ਜਾ ਰਿਹਾ ਹੈ ਤਾਂ ਜੋ ਸੜਕੀ ਦੁਰਘਟਨਾਵਾਂ ਨੂੰ ਘਟਾਉਣ ਦੇ ਨਾਲ-ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਲਗਦੇ ਜਾਮਾਂ ਤੋਂ ਆਮ ਲੋਕਾਂ ਨੂੰ ਨਿਜਾਤ ਦਿਵਾਈ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਟ੍ਰੈਫ਼ਿਕ ਨਿਯਮਾਂ ਨੂੰ ਜ਼ਿਲ੍ਹੇ ਵਿਚ ਸਖਤੀ ਨਾਲ ਲਾਗੂ ਕਰਨ ਲਈ ਟ੍ਰੈਫ਼ਿਕ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਹਦਾਇਤਾਂ ਦੀ ਪਾਲਣਾ ਕਰਦਿਆ ਟ੍ਰੈਫ਼ਿਕ ਪੁਲਿਸ ਵੱਲੋਂ 1 ਜਨਵਰੀ ਤੋਂ 31 ਅਕਤੂਬਰ ਤੱਕ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 21 ਹਜ਼ਾਰ 495 ਵਾਹਨ ਚਾਲਕਾਂ ਦੇ ਚਲਾਨ ਕੱਟਕੇ 80 ਲੱਖ 31 ਹਜ਼ਾਰ 100 ਰੁਪਇਆ ਜੁਰਮਾਨਾ ਵਸੂਲਿਆ ਗਿਆ ਹੈ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੀਤੇ ਗਏ ਚਲਾਨਾਂ ਵਿੱਚੋਂ 19 ਹਜ਼ਾਰ 695 ਚਲਾਨ ਅਦਾਲਤ ਰਾਹੀਂ ਭੁਗਤੇ ਗਏ ਜਿਨ੍ਹਾਂ ‘ਤੇ 74 ਲੱਖ 82 ਹਜ਼ਾਰ ਰੁਪਏ ਜੁਰਮਾਨਾ ਅਦਾਲਤ ਵੱਲੋਂ ਲਗਾਇਆ ਗਿਆ ਅਤੇ 1800 ਚਲਾਨ ਨਗਦ ਭੁਗਤੇ ਗਏ ਜਿਨ੍ਹਾਂ ਵਿੱਚੋਂ 5 ਲੱਖ 49 ਹਜ਼ਾਰ 100 ਰੁਪਇਆ ਜੁਰਮਾਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਤੋਂ ਵਸੂਲਿਆਂ ਗਿਆ।

ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ‘ਚ 2463 ਚਲਾਨ ਕੱਟ ਕੇ 6 ਲੱਖ 22 ਹਜ਼ਾਰ 700 ਰੁਪਏ ਜੁਰਮਾਨਾ ਵਸੂਲਿਆ ਗਿਆ ਇਸੇ ਤਰ੍ਹਾਂ ਫਰਵਰੀ ‘ਚ 1850 ਚਲਾਨ ਅਤੇ 6 ਲੱਖ 62 ਹਜ਼ਾਰ ਜੁਰਮਾਨਾ, ਮਾਰਚ ਵਿਚ 2765 ਚਲਾਨ ਤੇ 6 ਲੱਖ 74 ਹਜ਼ਾਰ 800 ਰੁਪਏ ਜੁਰਮਾਨਾ, ਅਪ੍ਰੈਲ ‘ਚ 2748 ਚਲਾਨ ਤੇ 9 ਲੱਖ 67 ਹਜ਼ਾਰ 400 ਰੁਪਏ ਜੁਰਮਾਨਾ, ਮਈ ‘ਚ 1872 ਚਲਾਨ ਅਤੇ 8 ਲੱਖ 44 ਹਜ਼ਾਰ 600 ਰੁਪਏ ਜੁਰਮਾਨਾ ਅਤੇ ਜੂਨ ਵਿਚ 2374 ਚਲਾਨ ਕਰਕੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਪਾਸੋਂ 8 ਲੱਖ 30 ਹਜ਼ਾਰ 100 ਰੁਪਇਆ ਜੁਰਮਾਨਾ ਵਸੂਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਜੁਲਾਈ ਵਿਚ 1690 ਵਿਅਕਤੀਆਂ ਦੇ ਚਲਾਨ ਕਰਕੇ 11 ਲੱਖ 38 ਹਜ਼ਾਰ 100 ਰੁਪਇਆ ਜੁਰਮਾਨਾ ਕੀਤਾ ਗਿਆ ਅਤੇ ਅਗਸਤ ਮਹੀਨੇ ‘ਚ 1349 ਵਿਅਕਤੀਆਂ ਨੂੰ 5 ਲੱਖ 52 ਹਜ਼ਾਰ 800 ਰੁਪਏ ਜੁਰਮਾਨਾ ਕੀਤਾ ਗਿਆ। ਸ. ਸਿੱਧੂ ਨੇ ਦੱਸਿਆ ਕਿ ਸਤੰਬਰ ਵਿਚ 2905 ਚਲਾਨ ਕੱਟਕੇ 6 ਲੱਖ 32 ਹਜ਼ਾਰ 800 ਰੁਪਏ ਜੁਰਮਾਨਾ ਕੀਤਾ ਗਿਆ ਅਤੇ ਅਕਤੂਬਰ ਮਹੀਨੇ ‘ਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 1519 ਵਿਅਕਤੀਆਂ ਦੇ ਚਲਾਨ ਕੱਟੇ ਗਏ ਅਤੇ 11 ਲੱਖ 5 ਹਜ਼ਾਰ 800 ਰੁਪਏ ਜੁਰਮਾਨੇ ਦੇ ਤੌਰ ‘ਤੇ ਵਸੂਲ ਕੀਤੇ ਗਏ।

ਐਸ.ਐਸ.ਪੀ. ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ‘ਚ ਸਭ ਤੋਂ ਜ਼ਿਆਦਾ ਚਲਾਨ 4435 ਬਿਨਾਂ ਹੈਲਮਟ ਪਾਕੇ ਦੋ ਪਹੀਆਂ ਵਾਹਨ ਚਲਾਉਣ ਵਾਲੇ ਵਿਅਕਤੀਆਂ ਦੇ ਕੀਤੇ ਗਏ ਹਨ ਜਦਕਿ ਟ੍ਰੈਫ਼ਿਕ ਸਿਗਨਲ ਜੰਪ ਕਰਨ ਵਾਲੇ 3378 ਵਿਅਕਤੀਆਂ ਨੂੰ ਜੁਰਮਾਨਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੋ ਪਹੀਆਂ ਵਾਹਨ ‘ਤੇ ਤਿੰਨ ਵਿਅਕਤੀਆਂ ਦੇ ਸਵਾਰ ਹੋਣ ‘ਤੇ 1465 ਚਲਾਨ, ਪ੍ਰਦੂਸ਼ਣ ਦੇ 1398 ਚਲਾਨ, ਬਿਨ੍ਹਾਂ ਡਰਾਈਵਿੰਗ ਲਾਇਸੈਸ ਦੇ ਵਾਹਨ ਚਲਾਉਣ ਵਾਲਿਆਂ ਦੇ 1329 ਚਲਾਨ, ਸੀਟ ਬੈਲਟ ਨਾ ਲਗਾਉਣ ਵਾਲਿਆਂ ਦੇ 1296 ਚਲਾਨ, ਤੇਜ਼ ਰਫ਼ਤਾਰ ਗੱਡੀ ਚਲਾਉਣ ‘ਤੇ 1243 ਚਲਾਨ ਅਤੇ ਗਲਤ ਪਾਰਕਿੰਗ ਕਰਨ ਵਾਲਿਆਂ ਦੇ 853 ਚਲਾਨ ਕੱਟੇ ਗਏ ਹਨ।

ਉਨ੍ਹਾਂ ਦੱਸਿਆ ਕਿ ਬਿਨਾਂ ਬੀਮੇ ਵਾਲਿਆਂ ਦੇ 998 ਅਤੇ ਬਿਨਾਂ ਨੰਬਰ ਪਲੇਟ ਵਾਲਿਆਂ ਦੇ 472 ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲਿਆਂ ਦੇ 679 ਅਤੇ ਬੂਲਟ ਮੋਟਰ ਸਾਈਕਲ ਦੇ ਸਲੰਸਰ ਨਾਲ ਛੇੜਛਾੜ ਕਰਨ ਵਾਲਿਆਂ ਦੇ 242 ਚਲਾਨ ਕੱਟੇ ਗਏ ਹਨ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਟ੍ਰੈਫ਼ਿਕ ਸਮੱਸਿਆ ਦੇ ਸਥਾਈ ਹੱਲ ਲਈ ਆਮ ਲੋਕਾਂ ਦੇ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਜਿਥੇ ਅਸੀ ਸੜਕੀ ਦੁਰਘਟਨਾਵਾਂ ਕਾਰਨ ਅਜਾਈਂ ਜਾਂਦੀਆਂ ਅਨਮੋਲ ਮਨੁੱਖੀ ਜਾਨਾ ਨੂੰ ਬਚਾ ਸਕਦੇ ਹਾਂ ਉਥੇ ਹੀ ਲੱਗਣ ਵਾਲੇ ਟ੍ਰੈਫ਼ਿਕ ਜਾਮ ਤੋਂ ਛੁਟਕਾਰਾ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪਟਿਆਲਾ ਪੁਲਿਸ ਸਖਤੀ ਨਾਲ ਪੇਸ਼ ਆਏਗੀ ਅਤੇ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Share News / Article

Yes Punjab - TOP STORIES