ਪਟਵਾਰੀ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕੀਤਾ ਗ੍ਰਿਫ਼ਤਾਰ

ਬਠਿੰਡਾ, 6 ਨਵੰਬਰ, 2019 –

ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਸ਼੍ਰੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡੀ.ਐਸ.ਪੀ. ਲਖਵੀਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਟਰੈਪ ਲਗਾ ਕੇ ਗੁਰਦੀਪ ਸਿੰਘ ਪਟਵਾਰੀ ਮਾਲ ਹਲਕਾ ਮਹਿਮਾ ਸਰਜਾ, ਤਹਿਸੀਲ ਗੋਨਿਆਣਾ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗ੍ਰਿਫ਼ਤਾਰ ਕੀਤਾ ਗਿਆ।

ਸ਼੍ਰੀ ਬਰਾੜ ਨੇ ਦੱਸਿਆ ਕਿ ਜਗਸੀਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮਹਿਮਾ ਸਰਜਾ ਜ਼ਿਲ੍ਹਾਂ ਬਠਿੰਡਾ ਨੇ ਵਿਜੀਲੈਂਸ ਪਾਸ ਸ਼ਿਕਾਇਤ ਕੀਤੀ ਕਿ ਉਸ ਵਲੋਂ ਆਪਣੇ ਆੜਤੀਏ ਬਲਤੇਜ ਸਿੰਘ ਮੰਡੀ ਗੋਨਿਆਣਾ ਪਾਸੋਂ ਆਪਣੇ ਘਰੇਲੂ ਕੰਮ ਲਈ ਜੋ ਕਰਜ਼ਾ ਲਿਆ ਸੀ, ਉਸ ਵਲੋਂ ਇਹ ਕਰਜਾ ਨਾ ਮੋੜਨ ਕਰਕੇ ਆੜਤੀਏ ਵਲੋਂ ਅਦਾਲਤ ਵਿਚ ਕੀਤੇ ਕੇਸ ‘ਚ ਫੈਸਲਾ ਹੋਣ ਉਪਰੰਤ ਕਰੀਬ 3 ਏਕੜ ਜ਼ਮੀਨ ਆੜਤੀਏ ਬਲਤੇਜ ਸਿੰਘ ਦੇ ਨਾਮ ਹੋ ਗਈ ਸੀ।

ਇਸ ਫੈਸਲੇ ਦੇ ਖਿਲਾਫ਼ ਮਾਨਯੋਗ ਅਦਾਲਤ ਏ.ਸੀ.ਜੇ.ਐਮ. ਬਠਿੰਡਾ ਪਾਸ ਪਾਈ ਗਈ ਅਪੀਲ ਦੀ ਸੁਣਵਾਈ ਦੌਰਾਨ 2 ਕਨਾਲਾਂ ਆੜਤੀਏ ਨੂੰ ਦੇਣ ਦੇ ਹੋਏ ਰਾਜੀਨਾਮੇ ਮੁਤਾਬਿਕ ਬਾਕੀ ਜ਼ਮੀਨ ਮੁਦੱਈ ਦੇ ਨਾਮ ਕਰਨ ਦਾ ਹੁਕਮ ਸੁਣਾਇਆ ਗਿਆ ਸੀ।

ਮਾਨਯੋਗ ਅਦਾਲਤ ਦੇ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਉਸ ਵਲੋਂ ਤਹਿਸੀਲਦਾਰ ਗੋਨਿਆਣਾ ਪਾਸੋਂ ਇੱਕ ਦਰਖ਼ਾਸਤ ਮਾਰਕ ਕਰਵਾ ਕੇ ਪਟਵਾਰੀ ਗੁਰਦੀਪ ਸਿੰਘ ਨੂੰ ਦਿੱਤੀ ਤਾਂ ਉਸ ਨੇ ਇਸ ਦਾ ਇੰਦਰਾਜ ਕਰਨ ਬਦਲੇ ਉਸ ਪਾਸੋਂ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਬਾਅਦ ਵਿਚ 4 ਨਵੰਬਰ 2019 ਨੂੰ ਗੁਰਦੀਪ ਸਿੰਘ ਪਟਵਾਰੀ ਨਾਲ ਫੋਨ ‘ਤੇ ਹੋਈ ਗਲਬਾਤ ਸਮੇਂ ਮੁਦੱਈ ਵਲੋਂ ਇਹ ਰਿਸ਼ਵਤ ਘੱਟ ਕਰਨ ਕਹਿਣ ਤੇ ਉਹ 5 ਹਜ਼ਾਰ ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ।

ਸ਼ਿਕਾਇਤਕਰਤਾ ਨੇ ਇਸ ਬਾਰੇ ਡੀ.ਐਸ.ਪੀ. ਲਖਵੀਰ ਸਿੰਘ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਪਾਸ ਆਪਣਾ ਬਿਆਨ ਦਰਜ਼ ਕਰਵਾਇਆ ਜਿਸ ਦੇ ਆਧਾਰ ‘ਤੇ ਡੀ.ਐਸ.ਪੀ. ਲਖਵੀਰ ਸਿੰਘ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਟਰੈਪ ਲਗਾ ਕੇ ਗੁਰਦੀਪ ਸਿੰਘ ਪਟਵਾਰੀ ਨੂੰ ਸ਼ਿਕਾਇਤਕਰਤਾ ਪਾਸੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗ੍ਰਿਫ਼ਤਾਰ ਕੀਤਾ ਗਿਆ।

ਇਸ ਸਬੰਧ ਵਿਚ ਮੁਕੱਦਮਾ ਨੰਬਰ 13 ਮਿਤੀ 6 ਨਵੰਬਰ 2019 ਅ/ਧ 7 ਪੀ.ਸੀ. ਐਕਟ 1988 ਐਜ ਅਮੈਂਡਮੈਂਟ ਬਾਏ ਪੀ.ਸੀ. ਐਕਟ 2018 ਥਾਣਾ ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਵਿਖੇ ਦਰਜ਼ ਕੀਤਾ ਗਿਆ।

Share News / Article

Yes Punjab - TOP STORIES