ਰਾਏਕੋਟ/ਲੁਧਿਆਣਾ, 26 ਅਗਸਤ, 2019:
ਪਿੰਡ ਨੱਥਵਾਲ ਵਾਸੀਆਂ ਨੇ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜਦਿਆਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਪਿੰਡ ਦੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਨਵੇਂ ਸਿਰੇ ਤੋਂ ਬਣਾਉ ਦਾ ਬੀੜ੍ਹਾ ਚੁੱਕ ਲਿਆ ਹੈ। ਇਸ ਇਮਾਰਤ ਦਾ ਅੱਜ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ੍ਰੀਮਤੀ ਰਾਜਿੰਦਰ ਕੌਰ ਦੀ ਹਾਜ਼ਰੀ ਵਿੱਚ ਪੰਜ ਪਿਆਰਿਆਂ ਨੇ ਉਸਾਰੀ ਕਾਰਜ ਸ਼ੁਰੂ ਕਰਵਾਇਆ। ਇਸ ਇਮਾਰਤ ‘ਤੇ 45 ਲੱਖ ਰੁਪਏ ਦੇ ਕਰੀਬ ਲਾਗਤ ਆਉਣ ਦਾ ਅਨੁਮਾਨ ਹੈ।
ਸਕੂਲ ਦੇ ਵਿਹੜੇ ਵਿੱਚ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ, ਉਸ ਉਪਰੰਤ ਨੀਂਹ ਰੱਖਣ ਦਾ ਕਾਰਜ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਰਾਜਿੰਦਰ ਕੌਰ ਨੇ ਕਿਹਾ ਕਿ ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਲਈ ਸਥਾਨਕ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ।
ਉਨ੍ਹਾਂ ਹੋਰਨਾਂ ਪਿੰਡਾਂ ਦੇ ਪ੍ਰਵਾਸੀ ਪਰਿਵਾਰਾਂ, ਮੋਹਤਬਰ ਵਿਅਕਤੀਆਂ ਅਤੇ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਵੀ ਪਿੰਡ ਨੱਥੋਵਾਲ ਦੀ ਤਰ੍ਹਾਂ ਆਪਣੇ-ਆਪਣੇ ਪਿੰਡ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਪਿੰਡ ਨੱਥੋਵਾਲ ਵਾਸੀਆਂ ਵੱਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਦੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਬਹੁਤ ਸਰਾਹਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਿੰਡ ਨੱਥੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਹੋਰ ਬੁਨਿਆਦੀ ਲੋੜਾਂ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਪਿੰਡ ਦੀ ਵੈੱਲਫੇਅਰ ਸੁਸਾਇਟੀ ਦੇ ਆਗੂ ਸ੍ਰ. ਜਗਦੇਵ ਸਿੰਘ ਨੇ ਦੱਸਿਆ ਕਿ ਇਸ ਇਮਾਰਤ ਲਈ ਸ੍ਰ. ਗੁਰਦੀਪ ਸਿੰਘ ਬੁੱਟਰ ਕੈਨੇਡਾ, ਡਾ. ਭਜਨ ਸਿੰਘ, ਸਾਬਕਾ ਸਰਪੰਚ ਬਚਨ ਸਿੰਘ ਪਰਿਵਾਰ ਵੱਲੋਂ, ਸ੍ਰੀਮਤੀ ਜਸਵਿੰਦਰ ਕੌਰ, ਮਾਸਟਰ ਨਛੱਤਰ ਸਿੰਘ, ਸ੍ਰ. ਕਰਮਜੀਤ ਸਿੰਘ, ਸ੍ਰ. ਜਗਸੀਰ ਸਿੰਘ ਕੈਨੇਡਾ, ਸ੍ਰ. ਸਰਬਜੀਤ ਸਿੰਘ, ਸ੍ਰ. ਰਾਜਿੰਦਰ ਸਿੰਘ, ਸ੍ਰ. ਸੁਖਦੇਵ ਸਿੰਘ ਕਾਨੂੰਨਗੋ, ਸੂਬੇਦਾਰ ਜਸਵਿੰਦਰ ਸਿੰਘ, ਸ੍ਰ. ਬਲੌਰ ਸਿੰਘ ਸਰਪੰਚ, ਸ੍ਰ. ਪ੍ਰੀਤਮ ਸਿੰਘ ਰਟੌਲ ਅਤੇ ਹੋਰ ਦਾਨੀ ਸੱਜਣਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਸ੍ਰੀਮਤੀ ਮੰਜੂ ਭਾਰਦਵਾਜ, ਸ੍ਰ. ਅਮਰਜੀਤ ਸਿੰਘ, ਸ੍ਰੀ ਸੰਜੀਵ ਕੁਮਾਰ, ਸ੍ਰ. ਲਵਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਸੁਖਪਾਲ ਸਿੰਘ, ਸ੍ਰ. ਜਗਪ੍ਰੀਤ ਸਿੰਘ ਬੁੱਟਰ ਓ. ਐੱਸ. ਡੀ. ਲੋਕ ਸਭਾ ਮੈਂਬਰ, ਸ੍ਰ. ਮਨਪ੍ਰੀਤ ਸਿੰਘ ਬੁੱਟਰ, ਬੀ. ਪੀ. ਈ. ਓ. ਸ੍ਰੀ ਰਮੇਸ਼ ਕੁਮਾਰ, ਸ੍ਰ. ਕੁਲਵੰਤ ਸਿੰਘ, ਸ੍ਰ. ਅਮਰਜੀਤ ਸਿੰਘ, ਸ੍ਰ. ਹਰਪ੍ਰੀਤ ਸਿੰਘ ਵਿੱਕੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।