ਨੰਗਲ ਲੀਜ਼ ਹੋਲਡਰਾਂ ਲਈ ਮਾਲਿਕਾਨਾ ਹੱਕ ਵਾਸਤੇ ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਤਿਵਾੜੀ

ਚੰਡੀਗੜ੍ਹ, 16 ਸਤੰਬਰ, 2019 –

ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਨੰਗਲ ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀਆਂ ਰਿਹਾਇਸ਼ੀ ਜਾਇਦਾਦਾਂ ਦੀ ਲੀਜ਼ ਦੇ ਮਾਲਿਕਾਨਾ ਹੱਕ ਦੇ ਮੁੱਦੇ ਨੂੰ ਸੁਲਝਾਉਣ ਲਈ ਕੇਂਦਰੀ ਬਿਜਲੀ ਮੰਤਰੀ ਆਰਕੇ ਸਿੰਘ ਨਾਲ ਦਿੱਲੀ ਚ ਮੁਲਾਕਾਤ ਕੀਤੀ।

ਤਿਵਾੜੀ ਨੇ ਬਿਜਲੀ ਮੰਤਰੀ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਬੀਤੇ ਛੇ ਤੋਂ ਸੱਤ ਦਹਾਕਿਆਂ ਤੋਂ ਇਨ੍ਹਾਂ ਜਾਇਦਾਦਾਂ ਤੇ ਰਹਿ ਰਹੇ ਲੋਕਾਂ ਨੂੰ ਮਾਲਕਾਨਾ ਹੱਕ ਮਿਲਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਜਾਇਦਾਦਾਂ ਨੂੰ ਲਗਾਤਾਰ ਲੀਜ ਤੇ ਰੱਖਣ ਦਾ ਕੋਈ ਆਧਾਰ ਨਹੀਂ ਹੈ।

ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਤੇ ਰਹਿ ਰਹੇ ਲੀਜ਼ ਹੋਲਡਰ ਦਹਾਕਿਆਂ ਤੋਂ ਇਨ੍ਹਾਂ ਨੂੰ ਰਿਪੇਅਰ ਜਾਂ ਰੈਨੋਵੇਟ ਵੀ ਨਹੀਂ ਕਰਵਾ ਸਕੇ ਹਨ। ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਉਨ੍ਹਾਂ ਇਨ੍ਹਾਂ ਜਾਇਦਾਦਾਂ ਦਾ ਮਾਲਿਕਾਨਾ ਹੱਕ ਮਿਲਣਾ ਚਾਹੀਦਾ ਹੈ।

ਐੱਮਪੀ ਨੇ ਕਿਹਾ ਕਿ ਲੀਜ਼ ਤੇ ਦਿੱਤੀਆਂ ਗਈਆਂ ਜਾਇਦਾਦਾਂ ਕਈ ਏਕੜ ਖੇਤਰਫਲ ਚ ਫੈਲੀਆਂ ਹਨ। ਇਨ੍ਹਾਂ ਜਾਇਦਾਦਾਂ ਦੀ ਨਾ ਬੀਬੀਐੱਮਬੀ ਤੇ ਨਾ ਸਥਾਨਕ ਪ੍ਰਸ਼ਾਸਨ ਵੱਲੋਂ ਦੇਖ ਰੇਖ ਕਾਰਨ ਇਹ ਨੋ ਮੈਨ ਲੈਂਡ ਬਣ ਚੁੱਕੀਆਂ ਹਨ।

ਜਿਸ ਤੇ ਮੰਤਰੀ ਨੇ ਤਿਵਾੜੀ ਨੂੰ ਭਰੋਸਾ ਦਿੱਤਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਉਮੀਦ ਪ੍ਰਗਟਾਈ ਕਿ ਲੰਬੇ ਵਕਤ ਤੋਂ ਪੈਂਡਿੰਗ ਮਾਮਲਾ ਸੁਲਝ ਜਾਏਗਾ।

ਹਾਲਾਂਕਿ ਨੰਗਲ ਵਿਧਾਨ ਸਭਾ ਹਲਕੇ ਦੀ ਅਗਵਾਈ ਕਰਨ ਵਾਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਵੀ ਵਫ਼ਦ ਚ ਸ਼ਾਮਿਲ ਹੋਣਾ ਸੀ, ਪਰ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਉਹ ਨਹੀਂ ਆ ਸਕੇ।

ਕੇਂਦਰੀ ਬਿਜਲੀ ਮੰਤਰੀ ਨਾਲ ਮੀਟਿੰਗ ਚ ਰਾਜਸਥਾਨ ਤੋਂ ਐਮਐਲਏ ਜਗਦੀਸ਼ ਚੰਦਰ ਅਤੇ ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵੀ ਤਿਵਾੜੀ ਨਾਲ ਮੌਜੂਦ ਰਹੇ।

Share News / Article

Yes Punjab - TOP STORIES