ਨੌਜਵਾਨ ਮੈਗਾ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ: ਅੰਮ੍ਰਿਤ ਸਿੰਘ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਹੁਸ਼ਿਆਰਪੁਰ, 18 ਸਤੰਬਰ, 2019 –

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਿ੍ਰਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਵਿਖੇ ਆਪਣੇ ਦਫ਼ਤਰ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ 20 ਤੋਂ 27 ਸਤੰਬਰ ਤੱਕ ਲਗਾਏ ਜਾ ਰਹੇ ਮੈਗਾ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮੈਗਾ ਰੋਜ਼ਗਾਰ ਮੇਲਿਆਂ ਦੌਰਾਨ ਜਿੱਥੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਏ ਜਾ ਰਹੇ ਹਨ, ਉਥੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਖੋਲ੍ਹਣ ਲਈ ਕਰਜ਼ੇ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਘਰ-ਘਰ ਰੋਜ਼ਗਾਰ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਮੈਗਾ ਰੋਜ਼ਗਾਰ ਮੇਲਿਆਂ ਦੌਰਾਨ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ।

ਸ਼੍ਰੀਮਤੀ ਅਮਿ੍ਰਤ ਸਿੰਘ ਨੇ ਕਿਹਾ ਕਿ ਮੇਲਿਆਂ ਵਿਚ ਅਨਸਕਿੱਲਡ, ਸੈਮੀ ਸਕਿੱਲਡ ਅਤੇ ਸਕਿੱਲਡ ਆਦਿ ਸਾਰੇ ਵਰਗਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬੱਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਵੀਂ ਤੋਂ ਲੈਕੇ ਉਚ ਸਿੱਖਿਆ ਵਾਲੇ ਨੌਜਵਾਨ ਇਨ੍ਹਾਂ ਮੇਲਿਆਂ ਵਿਚ ਸ਼ਿਰਕਤ ਕਰਕੇ ਫਾਇਦਾ ਚੁੱਕ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿਵਆਂਗਜਨ ਲਈ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਜਾਣਗੇ, ਤਾਂ ਜੋ ਦਿਵਆਂਗ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ 20 ਸਤੰਬਰ ਨੂੰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ, 24 ਨੂੰ ਰਿਆਤ ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਅਤੇ 27 ਸਤੰਬਰ ਨੂੰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲਿਆਂ ਵਿਚ ਨੌਜਵਾਨਾਂ ਦੀ ਜਿੱਥੇ ਕਰੀਬ 100 ਉਦਯੋਗਗਿਕ ਅਤੇ ਵਪਾਰਕ ਅਦਾਰਿਆਂ ਵਲੋਂ ਮੌਕੇ ’ਤੇ ਪਲੇਸਮੈਂਟ ਕੀਤੀ ਜਾਵੇਗੀ, ਉਥੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਹਾਇਕ ਧੰਦਿਆਂ ਲਈ ਕਰਜ਼ੇ ਆਦਿ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਗਾ ਰੋਜ਼ਗਾਰ ਮੇਲਿਆਂ ਵਿਚ ਕਰੀਬ 8 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਉਦਯੋਗਿਕ ਅਤੇ ਵਪਾਰਕ ਅਦਾਰੇ ਜੋ ਰੋਜ਼ਗਾਰ ਮੇਲਿਆਂ ਵਿਚ ਪਹੁੰਚ ਰਹੇ ਹਨ, ਉਨ੍ਹਾਂ ਵਿਚ ਵਿਸ਼ੇਸ਼ ਤੌਰ ’ਤੇ ਰਿਲਾਇੰਸ, ਆਈ.ਸੀ.ਆਈ.ਸੀ ਬੈਂਕ, ਵਰਧਮਾਨ, ਸੋਨਾਲਿਕਾ, ਜੀ.ਐਨ.ਏ, ਕੁਆਂਟਮ ਪੇਪਰ, ਏ.ਬੀ. ਸ਼ੂਗਰ, ਜੇ.ਸੀ.ਟੀ, ਲੁਧਿਆਣਾ ਬੇਵਰੇਜ਼, ਸੈਂਚਰੀ ਪਲਾਈਵੁੱਡ, ਟਾਟਾ ਸਕਾਈ, ਸਵਿਫਟ ਸਕਿਉਰਿਟੀ, ਜਸਟ ਡਾਇਲ, ਐਕਸਿਸ ਬੈਂਕ, ਹਾਕਿੰਗਸ ਪ੍ਰੈਸ਼ਰ ਕੁੱਕਰ ਆਦਿ ਸ਼ਾਮਿਲ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ‘ਸਾਫਟ ਸਕਿੱਲ ਕੋਰਸ’ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਆਤਮ ਵਿਸ਼ਵਾਸ ਭਰਨ ਲਈ ਇਹ ਕੋਰਸ ਕਾਫੀ ਸਾਰਥਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ‘ਸਾਫਟ ਸਕਿੱਲ ਕੋਰਸ’ ਸਬੰਧੀ ਟਰੇਨਿੰਗ ਬਿਲਕੁੱਲ ਮੁਫਤ ਦਿੱਤੀ ਜਾ ਰਹੀ ਹੈ ਅਤੇ ਇਹ ਕੋਰਸ 100 ਘੰਟਿਆਂ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲਿਆਂ ਸਬੰਧੀ ਜਾਣਕਾਰੀ ਲੈਣ ਲਈ ਵਿਭਾਗ ਦੀ ਵੈਬਸਾਈਟ www.pbemployment.gov.in ਅਤੇ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਪਹਿਲੀ ਮੰਜ਼ਿਲ, ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਇਮਾਰਤ (ਆਈ.ਟੀ.ਆਈ, ਜਲੰਧਰ ਰੋਡ) ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਉਪਰੰਤ ਮਲਟੀ ਸਕਿੱਲ ਡਿਵੈਲਪਮੈਂਟ ਦਾ ਦੌਰਾ ਵੀ ਕੀਤਾ ਅਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਪ੍ਰੈਸ ਕਾਨਫਰੰਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਗੁਰਮੇਲ ਸਿੰਘ ਵੀ ਮੌਜੂਦ ਸਨ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •