ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਜਾਣਕਾਰੀ ਦੇਣ ਤੇ ਅਮੀਰ ਵਿਰਾਸਤ ਨਾਲ ਜੋੜਨ ਲਈ ਵਿਰਾਸਤੀ ਸੈਰਾਂ ਦਾ ਯੋਗਦਾਨ ਅਹਿਮ: ਸੁਰੇਸ਼ ਕੁਮਾਰ

ਸਮਾਣਾ, 22 ਸਤੰਬਰ, 2019:
”ਨੌਜਵਾਨ ਪੀੜ੍ਹੀ ਨੂੰ ਆਪਣੇ ਵਡਮੁੱਲੇ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਲਈ ਵਿਰਾਸਤੀ ਸੈਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ।” ਇਹ ਪ੍ਰਗਟਾਵਾ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਕੀਤਾ।

ਸ੍ਰੀ ਸੁਰੇਸ਼ ਕੁਮਾਰ ਅੱਜ ਉੱਘੀ ਐਨ.ਜੀ.ਓ. ਪਟਿਆਲਾ ਫਾਊਂਡੇਸ਼ਨ ਵੱਲੋਂ ਆਪਣੇ ‘ਆਈ ਹੈਰੀਟੇਜ’ ਪ੍ਰਾਜੈਕਟ ਤਹਿਤ ‘ਗੋ ਯੁਨੈਸਕੋ’ ਨਾਲ ਮਿਲਕੇ ਆਮ ਲੋਕਾਂ ਨੂੰ ਵਿਰਾਸਤੀ ਥਾਵਾਂ ਬਾਰੇ ਜਾਗਰੂਕ ਕਰਨ ਲਈ ਹੈਸ਼ਟੈਗ ਮਾਈ ਹੈਰੀਟੇਜ ਪਟਿਆਲਾ ਨਾਂ ਹੇਠ ਪੁਰਾਤਨ ਸ਼ਹਿਰ ਸਮਾਣਾ ਵਿਖੇ ਸਥਿਤ ਕਰੀਬ 1250 ਸਾਲ ਪੁਰਾਣੇ ਰੋਜ਼ਾ-ਏ-ਇਮਾਮ ਮਸ਼ਹਦ ਅਲੀ ਬਿਨ ਹਜ਼ਰਤ ਅਲੀ ਮੂਸਾ ਰਜ਼ਾ ਦਰਗਾਹ (ਪੰਜ ਪੀਰ) ਅਤੇ ਸ਼ਹਿਰ ਦੇ ਹੋਰ ਮਹੱਤਵਪੂਰਨ ਸਥਾਨਾਂ ਦੀ ਕਰਵਾਈ ਗਈ ਚੌਥੀ ਵਿਰਾਸਤੀ ਸੈਰ ‘ਚ ਸ਼ਿਰਕਤ ਕਰਨ ਸਮਾਣਾ ਵਿਖੇ ਪੁੱਜੇ ਹੋਏ ਸਨ।

ਇਸ ਮੌਕੇ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਅਸੀਂ ਪੰਜਾਬ ਤਾਂ ਕੀ ਆਪਣੇ ਸ਼ਹਿਰ ਦੀਆਂ ਅਹਿਮ ਥਾਂਵਾਂ ਤੋਂ ਵੀ ਵਾਕਫ਼ ਨਹੀਂ ਹੁੰਦੇ ਪਰੰਤੂ ਪਟਿਆਲਾ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਵੱਲੋਂ ਅਜਿਹੀਆਂ ਵਿਰਾਸਤੀ ਸੈਰਾਂ ਕਰਵਾ ਕੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨਾਂ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਸੈਰ ਨਾਲ ਜਿੱਥੇ ਅਸੀਂ ਸਮਾਣਾ ਦੇ ਪੁਰਾਤਨ ਇਤਿਹਾਸ ਤੋਂ ਜਾਣੂ ਹੋਏ ਹਾਂ ਉਥੇ ਹੀ ਇਸਦਾ ਸਨਾਥਕ ਵਸਨੀਕਾਂ ਨੂੰ ਵੀ ਲਾਭ ਮਿਲੇਗਾ।

ਸ੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ।

ਉਨ੍ਹਾਂ ਨੇ ਸੱਦਾ ਦਿੱਤਾ ਕਿ ਚਾਰ ਮਹੱਤਵਪੂਰਨ ਵਿਰਸਾਤੀ ਸੈਰਾਂ ਕਰਵਾ ਚੁੱਕੀ ਸੰਸਥਾ ਪਟਿਆਲਾ ਫਾਊਂਡੇਸ਼ਨ ਵੱਲੋਂ ਆਪਣੀ ਅਗਲੀ ਪੰਜਵੀਂ ਵਿਰਾਸਤੀ ਸੈਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਰਹੇ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ, ਜਿੱਥੇ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਸਮੇਤ ਦਰਜਨ ਦੇ ਕਰੀਬ ਹੋਰ ਇਤਿਹਾਸਕ ਗੁਰੂ ਘਰ ਅਤੇ ਵਿਰਾਸਤੀ ਥਾਂਵਾਂ ਸਥਿਤ ਹਨ, ਵਿਖੇ ਕਰਵਾਈ ਜਾਵੇ, ਤਾਂ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਰਾਸਤ ਬਾਰੇ ਲੋਕਾਂ ਨੂੰ ਹੋਰ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।

ਸ੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪਟਿਆਲਾ, ਇਸਦੇ ਆਸ ਪਾਸ ਦੇ ਇਲਾਕਿਆਂ ਤੇ ਸਮਾਣਾ ਸਮੇਤ ਹੋਰ ਥਾਂਵਾਂ ਦੇ ਇਤਿਹਾਸ ‘ਚ ਖਾਸ ਸਥਾਨ ਹੋਣ ‘ਤੇ ਸਾਨੂੰ ਫ਼ਖਰ ਹੈ, ਇਸ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਸਮੁੱਚੀ ਵਿਰਾਸਤੀ ਧਰੋਹਰ ਨੂੰ ਸੰਭਾਲਣ ਅਤੇ ਸੂਬੇ ਨੂੰ ਕੌਮਾਂਤਰੀ ਸੈਰ ਸਪਾਟਾ ਨਕਸ਼ੇ ‘ਤੇ ਉਭਾਰਨ ਲਈ ਗੰਭੀਰ ਉਪਰਾਲੇ ਕਰ ਰਹੀ ਹੈ।

ਇਸ ਮੌਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਵਕਫ਼ ਬੋਰਡ ਦੇ ਸੀ.ਈ.ਓ. ਸ੍ਰੀ ਸ਼ੌਕਤ ਅਹਿਮਦ ਪਰੈ ਨੂੰ ਕਿਹਾ ਕਿ ਉਹ ਸਮਾਣਾ ‘ਚ ਮੌਜੂਦ ਪੁਰਾਤਨ ਵਿਰਾਸਤੀ ਥਾਂਵਾਂ ਨੂੰ ਪ੍ਰਫ਼ੁਲਤ ਅਤੇ ਹੋਰ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਜੋ ਵੀ ਸੰਭਵ ਹੋਵੇ ਉਹ ਕੀਤਾ ਜਾਵੇ।

ਇਸ ਤੋਂ ਪਹਿਲਾਂ ਸ੍ਰੀ ਸੁਰੇਸ਼ ਕੁਮਾਰ ਨੇ ਆਮ ਲੋਕਾਂ ਨਾਲ ਮਿਲਕੇ ਨਗਰ ਕੌਂਸਲ ਸਮਾਣਾਂ ਤੋਂ ਸ਼ੁਰੂ ਹੋਈ ਕਰੀਬ 1.5 ਕਿਲੋਮੀਟਰ ਦੀ ਵਿਰਾਸਤੀ ਸੈਰ ‘ਚ ਸ਼ਮੂਲੀਅਤ ਕੀਤੀ ਅਤੇ ਸ਼ਹਿਰ ਦੇ ਪੁਰਾਣੇ ਸ਼ਹੀਦ ਚੌਂਕ, ਸਿਨੇਮਾ ਚੌਂਕ, ਇਮਾਮ (ਬਾੜਾ) ਬਰਗਾਹ, ਪੁਰਾਣੀ ਹਵੇਲੀ ਸਮੇਤ ਹੋਰ ਥਾਂਵਾਂ ਦੇਖੀਆਂ।

ਇਸ ਮਗਰੋਂ ਉਹ ਰੋਜ਼ਾ-ਏ-ਇਮਾਮ ਮਸ਼ਹਦ ਅਲੀ ਬਿਨ ਹਜ਼ਰਤ ਅਲੀ ਮੂਸਾ ਰਜ਼ਾ ਦਰਗਾਹ (ਪੰਜ ਪੀਰ) ਪੁੱਜੇ ਅਤੇ ਚਾਦਰ ਚੜ੍ਹਾ ਦੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਦਰਗਾਹ ਦੇ ਮੌਲਵੀ ਮੌਲਾਨਾ ਮੁਜ਼ੱਫ਼ਰ ਜੈਦੀ ਨੇ ਇਸ ਦਰਗਾਹ ਦੇ ਏਸ਼ੀਆ ਦੇ ਦੂਜੀ ਸਭ ਤੋਂ ਅਹਿਮ ਮੁਸਲਿਮ ਸਥਾਨ ਹੋਣ ਬਾਰੇ, ਬੀਬੀ ਸਮਾਣਾ ਖਾਤੂਨ, 560 ਸਾਲ ਪੁਰਾਣੇ ਅਕਬਰੀ ਦਰਵਾਜੇ ਤੇ ਮਸ਼ਹਦੇ ਹਿੰਦ ਦਰਗਾਹ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦਿਆਂ ਇੱਥੋਂ ਦੀ ਧਾਰਮਿਕ ਮਹੱਤਤਾ ਬਾਰੇ ਦੱਸਿਆ।

ਇਸ ਵਿਰਾਸਤੀ-ਸੈਰ-ਸਮਾਰੋਹ ਦੌਰਾਨ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ-ਜਨਰਲ ਸਕੱਤਰ ਸ੍ਰੀ ਰਵੀ ਆਹਲੂਵਾਲੀਆ ਨੇ ਸਮਾਣਾ ਸ਼ਹਿਰ ਅਤੇ ਪੰਜ ਪੀਰ ਦੇ ਵੱਡਮੁੱਲੇ ਇਤਿਹਾਸ ਅਹਿਮ ਇਤਿਹਾਸਕ ਤੇ ਪੁਰਾਤਨ ਹਵਾਲੇ ਦਿੰਦਿਆਂ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਦਿਆਂ ਦੱਸਿਆ ਕਿ ਸ਼ੇਰ ਸਾਹ ਸੂਰੀ ਮਾਰਗ ਜੀ.ਟੀ. ਰੋਡ ਤੋਂ ਪਹਿਲਾਂ ਵੱਡਾ ਵਪਾਰਕ ਰੂਟ ਸੀ।

ਸ੍ਰੀ ਰਵੀ ਨੇ ਸਮਾਣਾ ਦੇ ਨਾਮਕਰਨ, ਕੁਤਬਦੀਨ ਐਬਕ, ਤੈਮੂਰ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1709 ‘ਚ ਸਮਾਣਾ ਨੂੰ ਢਾਹੁਣ ਬਾਬਤ ਦਸਦਿਆਂ ਇੱਥੇ ਸਿੱਖ ਫ਼ੌਜਦਾਰ ਭਾਈ ਫ਼ਤਹਿ ਸਿੰਘ ਦੀ ਨਿਯੁਕਤੀ, 1742 ‘ਚ ਬਾਬਾ ਆਲਾ ਸਿੰਘ ਦੇ ਅਧੀਨ ਤੇ ਫਿਰ 1761 ‘ਚ ਇਸਦਾ ਅਹਿਮਦਸ਼ਾਹ ਦੁਰਾਨੀ ਦੇ ਅਧੀਨ ਆਉਣ ਬਾਰੇ ਦੱਸਦਿਆਂ ਇਸਦੀ ਹੋਰ ਖੋਜ਼ ਕਰਨ ‘ਤੇ ਜ਼ੋਰ ਦਿੱਤਾ।

ਕੋਨਕੋਰ ਦੇ ਸਹਿਯੋਗ ਨਾਲ ਕਰਵਾਈ ਮਾਈ ਹੈਰੀਟੇਜ ਪਟਿਆਲਾ ਵਿਰਾਸਤੀ ਸੈਰ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਸੁਰੇਸ਼ ਕੁਮਾਰ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਨਾਂਗੀਆ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ, ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਨਦਿਤਾ ਮਿੱਤਰਾ, ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਤੇ ਉਨ੍ਹਾਂ ਦੀ ਧਰਮ ਪਤਨੀ ਡਾ. ਸੁਖਵੀਨ ਕੌਰ ਸਿੱਧੂ, ਡੀ.ਆਈ.ਜੀ. ਹੋਮ ਗਾਰਡਜ ਸ. ਹਰਮਨਜੀਤ ਸਿੰਘ, ਵਕਫ਼ ਬੋਰਡ ਦੇ ਸੀ.ਈ.ਓ. ਤੇ ਏ.ਡੀ.ਸੀ. (ਜ) ਸ੍ਰੀ ਸ਼ੌਕਤ ਅਹਿਮਦ ਪਰੈ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਵੱਡੀ ਗਿਣਤੀ ਪਟਿਆਲਵੀ, ਚੰਡੀਗੜ੍ਹ, ਕਾਲਕਾ, ਸਮਾਣਾ ਤੇ ਹੋਰ ਥਾਵਾਂ ਤੋਂ ਪੁੱਜੇ ਵਿਦਿਆਰਥੀਆਂ ਸਮੇਤ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਇਤਿਹਾਸਕ ਤੇ ਪੁਰਾਤਨ ਸਥਾਨਾਂ ਦੀ ਸੈਰ ਲਈ ਲੋਕਾਂ ਨੂੰ ਜਾਗਰੂਕ ਕਰਨਾ ਪਟਿਆਲਾ ਫਾਊਂਡੇਸ਼ਨ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ।

ਡਾ. ਨਿਧੀ ਸ਼ਰਮਾ ਆਹਲੂਵਾਲੀਆ ਨੇ ਪਟਿਆਲਾ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਤਿੰਨ ਵਿਰਾਸਤੀ ਸੈਰ ਉਤਸਵ ਕਰਵਾਏ ਜਾ ਚੁੱਕੇ ਹਨ ਤੇ ਭਵਿੱਖ ‘ਚ ਵੀ ਅਜਿਹੇ ਉਦਮ ਜਾਰੀ ਰਹਿਣਗੇ।

ਇਸ ਸੈਰ ਦੌਰਾਨ ਲਾਇਨਜ਼ ਕਲੱਬ ਸਮਾਣਾ ਗੋਲਡ, ਪਟਿਆਲਾ ਪੁਲਿਸ ਦੇ ਪ੍ਰੋਬੇਸ਼ਨਰੀ ਸਬ ਇੰਸਪੈਕਟਰਾਂ, ਯੁਵਕ ਸੇਵਾਵਾਂ ਵਿਭਾਗ, ਕਾਮੀ ਕਲਾਂ ਤੇ ਕੌਰਜੀਵਾਲਾ ਦੇ ਵਲੰਟੀਅਰਾਂ, ਪੰਜਾਬੀ ਯੂਨੀਵਰਸਿਟੀ, ਮੋਦੀ ਕਾਲਜ, ਸਟੇਟ ਕਾਲਜ ਆਫ਼ ਐਜੂਕੇਸ਼ਨ, ਆਈ.ਟੀ.ਆਈ. ਪਟਿਆਲਾ ਸਮੇਤ ਕਈ ਹੋਰ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।

ਪਟਿਆਲਾ ਫਾਊਂਡੇਸ਼ਨ ਨੇ ਸ੍ਰੀ ਸੁਰੇਸ਼ ਕੁਮਾਰ ਦਾ ਵਿਸ਼ੇਸ਼ ਸਨਮਾਨ ਕਰਨ ਸਮੇਤ ਵਿਰਾਸਤੀ ਸੈਰ ਨੂੰ ਸਫ਼ਲ ਬਣਾਉਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਤਾ ਕੀਤਾ।

ਇਸ ਮੌਕੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਡਾ. ਅੰਸ਼ੂਮਨ, ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਜੇ.ਐਸ. ਮਾਂਗਟ, ਡੀ.ਐਸ.ਪੀ. ਏ.ਆਰ. ਸ਼ਰਮਾ, ਡੀ.ਐਸ.ਪੀ. ਪੁਨੀਤ ਸਿੰਘ ਚਹਿਲ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਡਿਪਟੀ ਡੀ.ਏ. ਅਨਮੋਲਜੀਤ ਸਿੰਘ, ਸ੍ਰੀ ਜੇ.ਪੀ. ਗਰਗ, ਸ੍ਰੀ ਦੀਪਕ ਪਾਠਕ, ਸ੍ਰੀਮਤੀ ਮੀਨੂ ਅਰੋੜਾ ਆਦਿ ਸਮੇਤ ਪਟਿਆਲਾ ਫਾਊਂਡੇਸ਼ਨ ਦੇ ਮੈਂਬਰਾਂ, ਵੱਡੀ ਗਿਣਤੀ ਪਟਿਆਲਵੀਆਂ ਤੇ ਸਥਾਨਕ ਵਸਨੀਕਾਂ ਨੇ ਵੀ ਸ਼ਮੂਲੀਅਤ ਕਰਕੇ ਇਸ ਹੈਰੀਟੇਜ ਵਾਕ ਦਾ ਆਨੰਦ ਮਾਣਿਆ।

Share News / Article

Yes Punjab - TOP STORIES