ਨੈਸ਼ਨਲ ਗੱਤਕਾ ਐਸੋਸੀਏਸਨ ਨੇ ਤਿੰਨ ਗੱਤਕਾ ਅਕੈਡਮੀਆਂ ਖੋਲੀਆਂ : ਗਰੇਵਾਲ

ਜਲੰਧਰ, 14 ਸਤੰਬਰ, 2019 –

ਅੱਜ ਇੱਥੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਰੋਜ਼ਾ ਗੱਤਕਾ ਕੋਚਿੰਗ ਕੈਂਪ ਦਾ ਉਦਘਾਟਨ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮਜੀ ਨੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਸਿੰਘ ਬੱਲ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਹਾਜ਼ਰੀ ਵਿੱਚ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਪ੍ਰੀਤਮ ਸਿੰਘ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਅਬਜ਼ਰਬਰ ਵਜੋਂ ਕੋਚ ਮੈਡਮ ਨਰਿੰਦਰ ਕੌਰ ਵੀ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਸੰਤ ਬਾਬਾ ਦਿਲਾਵਰ ਸਿੰਘ ਜੀ ਨੇ ਕਿਹਾ ਕਿ ਗੱਤਕੇ ਦੀ ਖੇਡ ਸਾਨੂੰ ਗੁਰੂ ਸਾਹਿਬਾਨ ਵੱਲੋਂ ਵਿਰਾਸਤ ਵਿੱਚ ਮਿਲੀ ਹੈ ਇਸ ਕਰਕੇ ਸਮੂਹ ਧਾਰਮਿਕ ਸੰਸਥਾਵਾਂ ਸਮੇਤ ਰਾਜ ਸਰਕਾਰਾਂ ਇਸ ਕਲਾ ਦੀ ਪ੍ਰਫੁੱਲਤਾ ਵੱਲ ਵੱਧ ਤੋਂ ਵੱਧ ਧਿਆਨ ਦੇਣ। ਉਨ੍ਹਾਂ ਯੂਨੀਵਰਸਿਟੀ ਵਿੱਚ ਵਿਸ਼ੇਸ਼ ਗੱਤਕਾ ਅਕੈਡਮੀ ਦੀ ਸਥਾਪਨਾ ਲਈ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਇਸ ਇਲਾਕੇ ਦੇ ਪਿੰਡਾਂ ਵਿੱਚ ਗੱਤਕੇ ਦਾ ਵੱਧ ਤੋਂ ਵੱਧ ਪ੍ਰਸਾਰ ਕੀਤਾ ਜਾਵੇਗਾ ਤਾਂ ਜੋ ਬੱਚੇ ਨਸ਼ਿਆਂ ਤੋਂ ਰਹਿਤ ਹੁੰਦੇ ਹੋਏ ਬਾਣੀ-ਬਾਣੇ ਅਤੇ ਵਿਰਾਸਤ ਨਾਲ ਜੁੜ ਕੇ ਖੇਡਾਂ ਵਿੱਚ ਵੱਧ ਯੋਗਦਾਨ ਪਾ ਸਕਣ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੱਲ ਨੇ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਯੂਨੀਵਰਸਿਟੀ ਵੱਲੋਂ ਥੋੜ੍ਹੇ ਸਮੇਂ ਵਿੱਚ ਕੀਤੀਆਂ ਵੱਡੀਆਂ ਪ੍ਰਾਪਤੀਆਂ ਨੂੰ ਮੀਲ ਪੱਥਰ ਦੱਸਦਿਆਂ ਕਿਹਾ ਕਿ ਭਵਿੱਖ ਵਿੱਚ ਯੂਨੀਵਰਸਿਟੀ ਵੱਲੋਂ ਖੇਡਾਂ ਦੇ ਖੇਤਰ ਵਿੱਚ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਪਣਾ ਭਵਿੱਖ ਰੌਸ਼ਨ ਕਰ ਸਕਣ।

ਇਸ ਮੌਕੇ ਬੋਲਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਕਿਹਾ ਕਿ ਐਸੋਸੀਏਸ਼ਨ ਦੇ ਅਗਵਾਈ ਹੇਠ ਤਿੰਨ ਗੱਤਕਾ ਅਕੈਡਮੀਆਂ ਖੋਲ੍ਹ ਦਿੱਤੀਆਂ ਹਨ ਅਤੇ ਹਰੇਕ ਅਕੈਡਮੀ ਵਿੱਚ ਦੋ-ਦੋ ਕੋਚ ਭਰਤੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਵਿੱਚ ਜੇਤੂ ਰਹੇ 50 ਬੱਚਿਆਂ ਨੂੰ 10,000 ਰੁਪਏ ਪ੍ਰਤੀ ਮਹੀਨਾ ਵਜੀਫ਼ਾ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਗੱਤਕੇ ਨੂੰ ਕੌਮਾਂਤਰੀ ਪੱਧਰ ਉਤੇ ਪ੍ਰਸਿੱਧੀ ਦਿਵਾਉਣ ਲਈ ਯਤਨ ਜਾਰੀ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਵਜੋਂ ਗੱਤਕਾ ਟੂਰਨਾਮੈਂਟਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਡਿਜੀਟਲ ਸਕੋਰ ਬੋਰਡ ਪਹਿਲਾਂ ਹੀ ਸ਼ਾਮਲ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਨ੍ਹਾਂ ਤਿੰਨੇ ਅਕੈਡਮੀਆਂ ਲਈ ਚਾਰ ਸਿੰਥੈਟਿਕ ਗੱਤਕਾ ਗਰਾਊਂਡ ਖਰੀਦੇ ਗਏ ਹਨ। ਗੱਤਕਾ ਪ੍ਰੋਮੋਟਰ ਗਰੇਵਾਲ ਨੇ ਦੱਸਿਆ ਕਿ ਭਵਿੱਖ ਵਿੱਚ ਗੱਤਕਾ ਖੇਡਣ ਲਈ ਲੱਕੜੀ ਦੀ ਸੋਟੀ ਦੀ ਥਾਂ ਫਾਈਬਰ ਦੀ ਸੋਟੀ ਵੀ ਜਲਦ ਸ਼ਾਮਲ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਹਿਯੋਗ ਨਾਲ ਆਯੋਜਿਤ ਇਸ ਪੰਜ ਰੋਜ਼ਾ ਗੱਤਕਾ ਕੋਚਿੰਗ ਕੈਂਪ ਵਿੱਚ ਪੰਜਾਬ ਅਤੇ ਹਰਿਆਣਾ ਤੋਂ 100 ਤੋਂ ਵੱਧ ਗੱਤਕਾ ਖਿਡਾਰੀ ਅਤੇ ਖਿਡਾਰਨਾਂ ਭਾਗ ਲੈ ਰਹੀਆਂ ਹਨ।

ਇਸ ਮੌਕੇ ਖੇਡ ਡਾਇਰੈਕਟਰ ਡਾ. ਪ੍ਰੀਤਮ ਸਿੰਘ ਨੇ ਯੂਨੀਵਰਸਿਟੀ ਵੱਲੋਂ ਗੱਤਕਾ ਖੇਡ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿੱਦਿਅਕ ਟਰੱਸਟ ਦੇ ਮੀਤ ਪ੍ਰਧਾਨ ਕੇਵਲ ਸਿੰਘ, ਖੇਡ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ, ਮੀਤ ਪ੍ਰਧਾਨ ਅਵਤਾਰ ਸਿੰਘ, ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ, ਕੋਆਰਡੀਨੇਟਰ ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬੁਟਾਹਰੀ, ਸੱਚਨਾਮ ਸਿੰਘ ਤੇ ਬਖ਼ਸ਼ੀਸ਼ ਸਿੰਘ ਸਮੇਤ ਤਿੰਨੇ ਗੱਤਕਾ ਅਕੈਡਮੀਆਂ ਦੇ ਕੋਚ ਤੇ ਇੰਸਟਰੱਕਟਰ ਵੀ ਸ਼ਾਮਿਲ ਸਨ।