ਨੇਪਾਲ ਸਰਕਾਰ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕੇ ਜਾਰੀ ਕੀਤੇ

ਅੰਮ੍ਰਿਤਸਰ, 28 ਸਤੰਬਰ, 2019 –
ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਸਰਕਾਰ ਨੇ ਸਤਿਕਾਰ ਵਜੋਂ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਇਹ ਸਿੱਕੇ 2500, 1000 ਤੇ 100 ਰੁਪਏ ਦੇ ਹਨ। ਇਸ ਤੋਂ ਇਲਾਵਾ ਕਾਠਮੰਡੂ (ਨੇਪਾਲ) ਸਥਿਤ ਭਾਰਤੀ ਦੂਤਾਵਾਸ ਵੱਲੋਂ ਨੇਪਾਲ ਦੀ ਸਿੱਖ ਵਿਰਸਤ ਨੂੰ ਰੂਪਮਾਨ ਕਰਦੀ ਇੱਕ ਪੁਸਤਕ ਵੀ ਸੰਗਤ ਅਰਪਣ ਕੀਤੀ ਗਈ ਹੈ।

ਬੀਤੀ ਰਾਤ ਕਾਠਮੰਡੂ ’ਚ ਭਾਰਤੀ ਦੂਤਾਵਾਸ ਵੱਲੋਂ ਨੇਪਾਲ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਉਚੇਚੇ ਸਮਾਗਮ ਦੌਰਾਨ ਇਹ ਸਿੱਕੇ ਤੇ ਪੁਸਤਕ ਜਾਰੀ ਕਰਨ ਦੀ ਰਸਮ ਹੋਈ। ਇਸ ਸਮਗਾਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਨੇਪਾਲ ਰਾਸ਼ਟਰ ਬੈਂਕ ਦੇ ਗਵਰਨਰ ਸ੍ਰੀ ਚਿਰੰਜੀ ਬੀ ਨੇਪਾਲ, ਭਾਰਤੀ ਅੰਬੈਸਡਰ ਸ. ਮਨਜੀਵ ਸਿੰਘ ਪੁਰੀ, ਸੀਨੀਅਰ ਅਕਾਲੀ ਆਗੂ ਸ. ਚਰਨਜੀਤ ਸਿੰਘ ਅਟਵਾਲ. ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਭਾਈ ਗੁਰਚਰਨ ਸਿੰਘ ਗਰੇਵਾਲ ਤੇ ਮਹੰਤ ਮਨਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।

ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨੇਪਾਲ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਪੁਰਬ ਦੀ ਯਾਦ ਸੰਗਤਾਂ ਦੇ ਮਨਾਂ ਵਿਚ ਸਦਾ ਵੱਸਦੀ ਰਹੇਗੀ।

ਨੇਪਾਲ ਰਾਸ਼ਟਰ ਬੈਂਕ ਦੇ ਗਵਰਨਰ ਸ੍ਰੀ ਚਿਰੰਜੀ ਬੀ ਨੇਪਾਲ ਨੇ ਕਿਹਾ ਕਿ ਸਿੱਖਾਂ ਦੀ ਨੇਪਾਲ ਨਾਲ ਸਾਂਝ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੈ ਅਤੇ ਅੱਜ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਯਾਦ ਵਿਚ ਸਿੱਕੇ ਜਾਰੀ ਕਰਕੇ ਬੇਹੱਦ ਖੁਸ਼ੀ ਹੋ ਰਹੀ ਹੈ। ਕਾਠਮੰਡੂ ਵਿਚ ਭਾਰਤੀ ਅੰਬੈਸਡਰ ਸ. ਮਨਜੀਵ ਸਿੰਘ ਪੁਰੀ ਨੇ ਵੀ ਸਿੱਖ ਜਗਤ ਨੂੰ ਗੁਰੂ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸਿੱਖ ਸ਼ਖਸੀਅਤਾਂ ਦੇ ਸਮਾਗਮ ਦੌਰਾਨ ਪੁੱਜਣ ’ਤੇ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਪਲ ਉਹ ਹਮੇਸ਼ਾਂ ਯਾਦ ਰੱਖਣਗੇ। ਸ. ਪੁਰੀ ਨੇ ਆਸ ਪ੍ਰਗਟਾਈ ਕਿ ਨੇਪਾਲ ਦੀ ਸਿੱਖ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਲਿਜਾਣ ਲਈ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਪੁਸਤਕ ਜਰੂਰ ਕਾਰਗਰ ਸਾਬਤ ਹੋਵੇਗੀ। ਇਸ ਮੌਕੇ ਭਾਰਤੀ ਦੂਤਾਵਾਸ ਦੇ ਸਕੱਤਰ ਡਾ. ਪ੍ਰਭਜੀਤ ਸਿੰਘ ਗੁਲਾਟੀ, ਸ੍ਰੀ ਸੁਖਦੇਬ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸਥਾਨਕ ਸਿੱਖ ਆਗੂ ਸ. ਪ੍ਰੀਤਮ ਸਿੰਘ ਆਦਿ ਵੀ ਮੌਜੂਦ ਸਨ।

Share News / Article

Yes Punjab - TOP STORIES