ਨੇਪਾਲੀ ਵਫਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ, ਕਾਰਜਵਿਧੀ ਸਮਝੀ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 9 ਦਸੰਬਰ, 2019:

ਨੇਪਾਲ ਦੇ ਇਕ 15 ਮੈਂਬਰੀ ਵਫਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਇਹ ਵਫਦ ਨੇਪਾਲ ਵਿਚ ਬਣਾਏ ਨਵੇਂ 7 ਸੂਬਿਆਂ ਵਿਚੋਂ ਇਕ ਸੂਬੇ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਕਿ ਸੂਬਾ ਨੰਬਰ 5 ਵੱਜੋਂ ਜਾਣਿਆਂ ਜਾਂਦਾ ਹੈ। ਇਸ ਵਫਦ ਦੇ ਮੁਖੀ ਦੀਪੇਂਦਰ ਕੁਮਾਰ ਪਨ ਮਗਰ ਨੇ ਦੱਸਿਆ ਕਿ ਨੇਪਾਲ ਵਿੱਚ ਨਵੇਂ ਸੰਵਿਧਾਨ ਦੇ ਹੋਂਦ ਵਿੱਚ ਆਉਣ ਬਾਅਦ ਦੇਸ਼ ਵਿੱਚ 7 ਨਵੇਂ ਸੂਬੇ ਬਣਾਏ ਗਏ ਹਨ।

ਇਨ੍ਹਾਂ ਸੂਬਿਆਂ ਦੇ ਹਾਲੇ ਨਾਂ ਰੱਖੇ ਜਾਣੇ ਹਨ ਅਤੇ ਸਥਾਈ ਰਾਜਧਾਨੀਆਂ ਵੀ ਬਣਾਈਆਂ ਜਾਣੀਆਂ ਹਨ। ਹਾਲ ਦੀ ਘੜੀ ਸੂਬਾ ਨੰਬਰ 5 ਦੀ ਅਸਥਾਈ ਰਾਜਧਾਨੀ ਬੁਟਵਾਲ ਬਣਾਈ ਗਈ ਹੈ। ਸੂਬਾਈ ਵਿਧਾਨ ਸਭਾ ਦੀ ਕਾਰਜਵਿਧੀ ਸਮਝਣ ਲਈ ਸੂਬਾ ਨੰਬਰ 5 ਦੇ ਇਸ ਵਫਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਫਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਬਾਰੇ ਸੰਖੇਪ ਵਿਚ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਭਾਰਤੀ ਸੰਵਿਧਾਨ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਲਿਖਤੀ ਸੰਵਿਧਾਨ ਵਿਚ ਸਭ ਤੋਂ ਲੰਬਾ ਸੰਵਿਧਾਨ ਹੈ।

ਉਨ੍ਹਾਂ ਦੱਸਿਆ ਕਿ ਭਾਰਤ ਦੇ ਸੰਵਿਧਾਨ ਵਿਚ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦੀਆਂ ਵਿਸ਼ੇਸ਼ਤਾਈਆਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਲਈ ਇਹ ਇਕ ਵਿਲੱਖਣ ਦਸਤਾਵੇਜ਼ ਹੈ ਅਤੇ ਭਾਰਤ ਵਿਚ ਕਾਨੂੰਨ ਤੋਂ ਉੱਪਰ ਕੋਈ ਨਹੀਂ। ਉਨ੍ਹਾਂ ਨੇਪਾਲ ਦੇ ਸੂਬਾ ਨੰਬਰ 5 ਦੇ ਵਫਦ ਮੈਂਬਰਾਂ ਨੂੰ ਪੰਜਾਬ ਵਿਧਾਨ ਸਭਾ ਦੀ ਨਿਯਮਾਂਵਲੀ ਪ੍ਰਦਾਨ ਕੀਤੀ ਅਤੇ ਵਿਧਾਨ ਸਭਾ ਦੀ ਕਾਰਜਵਿਧੀ ਤੋਂ ਵੀ ਜਾਣੂੰ ਕਰਵਾਇਆ।

ਇਸ ਵਫਦ ਵਿਚ 11 ਵਿਧਾਇਕ ਅਤੇ 4 ਅਧਿਕਾਰੀ ਸ਼ਾਮਲ ਸਨ। ਨੇਪਾਲੀ ਵਫਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੇਪਾਲ ਦਾ ਸੰਵਿਧਾਨ ਹਾਲੇ ਮੁੱਢਲੇ ਰੂਪ ਵਿਚ ਹੈ ਅਤੇ ਭਾਰਤ ਕੋਲ 70 ਸਾਲਾਂ ਦਾ ਤਜ਼ਰਬਾ ਹੈ।ਉਨ੍ਹਾਂ ਆਪਣੀ ਇਸ ਫੇਰੀ ਨੂੰ ਕਾਫੀ ਲਾਹੇਵੰਦ ਦੱਸਿਆ ਅਤੇ ਕਿਹਾ ਕਿ ਸੂਬਿਆਂ ਦੀ ਕਾਰਜਪ੍ਰਣਾਲੀ ਬਾਰੇ ਉਨ੍ਹਾਂ ਨੂੰ ਅਹਿਮ ਜਾਣਕਾਰੀ ਪ੍ਰਾਪਤ ਹੋਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ, ਸਪੀਕਰ ਦੇ ਸਕੱਤਰ ਰਾਮ ਲੋਕ ਅਤੇ ਨੇਪਾਲੀ ਵਫਦ ਵਿਚ ਦੀਪੇਂਦਰ ਕੁਮਾਰ ਪਨ ਮਗਰ ਤੋਂ ਇਲਾਵਾ ਸਾਹਸਰਾਮ ਯਾਦਵ, ਨਿਰਮਲਾ ਸ਼ੇਤਰੀ, ਕਲਪਨਾ ਪਾਂਡੇ, ਤਾਰਾ ਜੀ.ਸੀ., ਤੁਲਸੀ ਪ੍ਰਸਾਦ ਚੌਧਰੀ, ਤੇਜ਼ ਬਹਾਦੁਰ ਵੌਲੀ, ਨਾਰਾਇਣ ਪ੍ਰਸਾਦ ਅਚਾਰਿਆ, ਬਾਬੂਰਾਮ ਗੌਤਮ, ਬੀਰ ਬਹਾਦੁਰ ਰਾਣਾ, ਬਿਸ਼ਨੂੰ ਪ੍ਰਸਾਦ ਪੰਥੀ, ਬੈਜਨਾਥ ਕਾਲਾਵਰ (ਸਾਰੇ ਵਿਧਾਇਕ), ਨੇਪਾਲੀ ਵਿਧਾਨ ਸਭਾ ਦੇ ਸਕੱਤਰ ਦੁਰਲਭ ਕੁਮਾਰ ਪਨ ਮਗਰ, ਸ਼ਿਆਮ ਪ੍ਰਸਾਦ ਸ੍ਰੇਸ਼ਠਾ, ਦਿਨੇਸ਼ ਅਧਿਕਾਰੀ ਅਤੇ ਅਲੋਕ ਅਗਰਹਰੀ ਸ਼ਾਮਲ ਸਨ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •