ਨੀਟ ਪ੍ਰੀਖਿਆ ਲਈ 13 ਸਤੰਬਰ ਨੂੰ ਪ੍ਰੀਖਿਆਰਥੀਆਂ ਨੂੰ ਕੇਂਦਰਾਂ ਤੱਕ ਜਾਣ ਲਈ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਐਸ.ਐਸ.ਪੀ.

ਪਟਿਆਲਾ, 11 ਸਤੰਬਰ, 2020 –
ਐਸ.ਐਸ.ਪੀ. ਪਟਿਆਲਾ ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ 13 ਸਤੰਬਰ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਲਈ ਪ੍ਰੀਖਿਆਰਥੀਆਂ ਨੂੰ ਕੇਂਦਰਾਂ ਤੱਕ ਪਹੁੰਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਸਬੰਧੀ ਉਨ੍ਹਾਂ ਸਪਸ਼ਟ ਕਰਦਿਆ ਕਿਹਾ ਕਿ 13 ਸਤੰਬਰ ਦਿਨ ਐਤਵਾਰ ਨੂੰ ਲੱਗਣ ਵਾਲੇ ਕਰਫ਼ਿਊ ਦੌਰਾਨ ਪ੍ਰੀਖਿਆਰਥੀਆਂ ਅਤੇ ਪ੍ਰੀਖਿਆ ਕਰਵਾਉਣ ਵਾਲੇ ਅਮਲੇ ਨੂੰ ਪਟਿਆਲਾ ਪੁਲਿਸ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ 9 ਸਤੰਬਰ ਨੂੰ ਜਾਰੀ ਹੁਕਮਾਂ ‘ਚ ਵੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਕਰਫ਼ਿਊ ਸਮੇਂ ਦੌਰਾਨ ਹੋਣ ਵਾਲੀਆਂ ਪ੍ਰੀਖਿਆ ਲਈ ਪ੍ਰੀਖਿਆਰਥੀਆਂ ਤੇ ਹੋਰ ਅਮਲੇ ਨੂੰ ਛੋਟ ਹੋਵੇਗੀ।

ਉਨ੍ਹਾਂ ਦੱਸਿਆ ਕਿ ਨੀਟ ਦੀ ਪ੍ਰੀਖਿਆ ਲਈ ਪਅਿਆਲਾ ਜ਼ਿਲ੍ਹੇ ‘ਚ ਚਾਰ ਸੈਂਟਰ ਬਣਾਏ ਗਏ ਹਨ ਜੋ ਕਿ ਪਾਤੜਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਰਾਜਪੁਰਾ ‘ਚ ਮੁਕਤ ਪਬਲਿਕ ਸਕੂਲ ਤੇ ਪਟੇਲ ਪਬਲਿਕ ਸਕੂਲ ਅਤੇ ਰਿਆਨ ਇੰਟਰਨੈਸ਼ਨਲ ਸਕੂਲ ਪਟਿਆਲਾ ਵਿਖੇ ਨੀਟ ਦੀ ਪ੍ਰੀਖਿਆ ਹੋਵੇਗੀ।

ਐਸ.ਐਸ.ਪੀ. ਸ੍ਰੀ ਵਿਕਰਮਜੀਤ ਦੁੱਗਲ ਨੇ ਅਪੀਲ ਕਰਦਿਆ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀ ਅਤੇ ਕੇਂਦਰ ਦਾ ਸਟਾਫ਼ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਸਮਾਜਿਕ ਦੂਰੀ ਬਣਾਕੇ ਰੱਖਣ। ਉਨ੍ਹਾਂ ਭਰੋਸਾ ਦਿੱਤਾ ਕਿ ਐਤਵਾਰ ਵਾਲੇ ਦਿਨ ਨੀਟ ਦੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories