ਚੰਡੀਗੜ, 27 ਅਗਸਤ, 2020 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੋਵਿਡ ਦੇ ਖਤਰੇ ਵਿਚ ਜੇਈਈ ਮੇਨ ਅਤੇ ਨੀਟ ਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਆਪਣੀ ਜਿੱਦ ਤੇ ਅੜੀ ਮੋਦੀ ਸਰਕਾਰ ਉਨ੍ਹਾਂ ਨੌਜਵਾਨਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੀ ਹੈ ਜਿੰਨ੍ਹਾਂ ਦੀ ਬਦੌਲਤ ਉਹ ਸੱਤਾ ਵਿਚ ਆਈ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਪੁੱਛਿਆ ਕਿ ਕੀ ਮੋਦੀ ਸਰਕਾਰ ਲਈ ਵਿਦਿਆਰਥੀਆਂ ਦੀ ਜਿੰਦਗੀ ਦੀ ਕੀਮਤ ਸਾਂਸਦਾਂ ਜਾਂ ਵਿਧਾਇਕਾਂ ਤੋਂ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਜਦ ਸੰਸਦ ਦਾ ਇਜਲਾਸ ਬੁਲਾਉਣ ਤੋਂ ਪਹਿਲਾਂ ਸਾਂਸਦਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਵੱਡੇ ਇੰਤਜਾਮ ਕੀਤੇ ਜਾ ਰਹੇ ਹਨ ਅਤੇ ਸੰਸਦ ਦੇ ਇਤਿਹਾਸ ਵਿਚ ਪਹਿਲੀ ਵਾਰ ਸਾਂਸਦਾਂ ਦੇ ਬੈਠਣ ਦੀ ਵਿਵਸਥਾ ਨੂੰ ਵੱਡੇ ਪੱਧਰ ਤੇ ਬਦਲਿਆ ਜਾ ਰਿਹਾ ਹੈ ਤਾਂ ਕੀ ਇਹ ਯੋਗ ਹੋਵੇਗਾ ਕਿ ਲੱਖਾਂ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਨੂੰ ਦਾਅ ਤੇ ਲਗਾ ਕੇ ਉਨ੍ਹਾਂ ਨੂੰ ਪ੍ਰੀਖਿਆ ਕੇਂਦਰਾਂ ਵਿਚ ਇੱਕਠਾ ਕੀਤਾ ਜਾਵੇ।
ਸ੍ਰੀ ਜਾਖੜ ਨੇ ਕਿਹਾ ਕਿ ਅਸਲ ਵਿਚ ਮੋਦੀ ਸਰਕਾਰ ਇਹ ਪ੍ਰੀਖਿਆਵਾਂ ਕਰਵਾਉਣ ਲਈ ਇਸ ਲਈ ਬਜਿੱਦ ਹੋਈ ਹੈ ਕਿਉਂਕਿ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਇਹ ਪ੍ਰੀਖਿਆਵਾਂ ਅੱਗੇ ਪਾਉਣ ਦੀ ਮੰਗ ਰੱਖੀ ਸੀ। ਮੋਦੀ ਸਰਕਾਰ ਹੁਣ ਸ੍ਰੀ ਰਾਹੁਲ ਗਾਂਧੀ ਦੀ ਗੱਲ ਨੂੰ ਕੱਟਣ ਦੇ ਇਕੋ ਇਕ ਉਦੇਸ਼ ਦੀ ਪੂਰਤੀ ਲਈ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੀ ਹੈ ਅਤੇ ਉਹ ਵੀ ਤਦ ਜਦ ਦੇਸ਼ ਵਿਚ ਕਰੋਨਾ ਦਾ ਪ੍ਰਕੋਪ ਆਪਣੀ ਸ਼ਿਖਰ ਤੇ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਹੁਣ ਜਦ ਅਨੇਕਾਂ ਪ੍ਰਕਾਰ ਦੀਆਂ ਯਾਤਾਯਾਤ ਪਾਬੰਦੀਆਂ ਲਾਗੂ ਹਨ, ਘਰ ਤੋਂ ਬਾਹਰ ਨਿਕਲਣਾ ਵੀ ਸੁਰੱਖਿਅਤ ਨਹੀਂ ਹੈ ਤਾਂ ਲੱਖਾਂ ਵਿਦਿਆਰਥੀ ਕਿਸ ਤਰਾਂ ਪ੍ਰੀਖਿਆ ਕੇਂਦਰਾਂ ਤੱਕ ਪੁੱਜਣਗੇ। ਅਤੇ ਅਗਰ ਪੁੱਜ ਵੀ ਜਾਣਗੇ ਤਾਂ ਉਥੇ ਹੋਣ ਵਾਲੇ ਇੱਕਠ ਨਾਲ ਇਹ ਬਿਮਾਰੀ ਅੱਗੇ ਹੋਰਨਾਂ ਨੂੰ ਨਹੀਂ ਫੈਲੇਗੀ ਇਸਦੀ ਮੋਦੀ ਸਰਕਾਰ ਕੋਲ ਕੀ ਗਾਰੰਟੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਸਾਂਸਦਾਂ ਅਤੇ ਵਿਧਾਇਕਾਂ ਦਾ ਸੰਸਦ ਜਾਂ ਵਿਧਾਨ ਸਭਾਵਾਂ ਦੇ ਇਜਲਾਸ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਕੀ ਸਰਕਾਰ ਕੋਲ ਇਸ ਤਰਾਂ ਦੇ ਇੰਤਜਾਮ ਹਨ ਕਿ ਉਹ ਇੰਨ੍ਹਾਂ ਵਿਦਿਆਰਥੀਆਂ ਦੇ ਵੀ ਟੈਸਟ ਕਰਵਾ ਸਕੇ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਪਣੇ ਗਲਤ ਫੈਸਲੇ ਨੂੰ ਸਹੀ ਸਿੱਧ ਕਰਨ ਦੀ ਸ਼ਨਕ ਪੂਰੇ ਸਮਾਜ ਦੀ ਸਿਹਤ ਲਈ ਖਤਰਾ ਹੈ ਅਤੇ ਦੇਸ਼ ਵੱਲੋਂ ਕਰੋਨਾ ਖਿਲਾਫ ਲੜੀ ਜਾ ਰਹੀ ਲੜਾਈ ਨੂੰ ਕਮਜੋਰ ਕਰਨ ਵਾਲਾ ਕਦਮ ਹੈ। ਉਨ੍ਹਾਂ ਕੇਂਦਰੀ ਮੰਤਰੀ ਦੇ ‘ਚੁੱਪ ਦੇ ਬਹੁਮਤ’ (ਸਾਇਲੈਂਟ ਮੈਜੌਰਿਟੀ) ਸਬੰਧੀ ਦਿੱਤੇ ਬਿਆਨ ਤੇ ਟਿੱਪਣੀ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਹ ਚੁੱਪ ਦਾ ਬਹੁਮਤ ਨਹੀਂ ਹੈ ਬਲਕਿ ‘ਜਬਰਦਸਤੀ ਚੁੱਪ ਕਰਵਾਏ ਜਾ ਰਹੇ ਲੋਕਾਂ ਦੀ ਮਜਬੂਰੀ’ ਹੈ।
ਸ੍ਰੀ ਜਾਖੜ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਪਣੀ ਜਿੱਦ ਛੱਡਣ ਅਤੇ ਜਦ ਹਾਲਾਤ ਵਿਚ ਥੋੜਾ ਸੁਧਾਰ ਹੋਵੇ ਤਾਂ ਇਹ ਪ੍ਰੀਖਿਆਵਾਂ ਕਰਵਾ ਲਈਆਂ ਜਾÎਣ। ਹੁਣ ਆਪਣੀ ਅੜੀ ਪੁਗਾ ਕੇ ਮੋਦੀ ਸਰਕਾਰ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਸੁਰੱਖਿਆ ਨਾਲ ਖਿਲਵਾੜ ਨਾ ਕਰੇ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ