ਨਿਵੇਕਲੀ ਪਹਿਲ: ਪੰਜਾਬ ਦੇ ਡੀ.ਜੀ.ਪੀ.ਦਿਨਕਰ ਗੁਪਤਾ ‘ਫ਼ੇਸਬੁੱਕ ਲਾਈਵ’ ਰਾਹੀਂ ਹੋਏ ਰਾਜ ਦੇ ਲੋਕਾਂ ਦੇ ਰੂਬਰੂ

ਚੰਡੀਗੜ, 7 ਅਪ੍ਰੈਲ, 2020 –
ਕੋਵਿਡ 19 ਲਾਕਡਾਊਨ ਦੌਰਾਨ ਪੁਲੀਸ ਸੇਵਾਵਾਂ ਦੀ ਬਿਹਤਰ ਸਪੁਰਦਗੀ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਮੰਗਲਵਾਰ ਨੂੰ ਆਨਲਾਈਨ ਫੀਡਬੈਕ ਸੈਸ਼ਨ ਦੌਰਾਨ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਵਿਚਾਰ ਸੁਣੇ ਅਤੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਆਨਲਾਈਨ ਸੈਸ਼ਨ ਵਿੱਚ ਸੂਬੇ ਭਰ ਦੇ 1500 ਲਾਈਵ ਵਿਊਰਜ਼ ਸ਼ਾਮਲ ਹੋਏ।

ਇਸ ਫੀਡਬੈਕ ਸੈਸ਼ਨ ਦੌਰਾਨ ਡੀਜੀਪੀ ਦੁਆਰਾ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਵਿਊਰਜ਼ ਵੱਲੋਂ ਪੁੱਛੇ ਗਏ 50 ਤੋਂ ਵੱਧ ਸਵਾਲਾਂ ਦੇ ਜਵਾਬ ਦਿੱਤੇ ਗਏ ਜਿਸਨੂੰ 88500 ਤੋਂ ਵੱਧ ਵਿਊਰਜ਼ ਵੱਲੋਂ ਦੇਖਿਆ ਗਿਆ। ਇਸ ਸੈਸ਼ਨ ਦੌਰਾਨ ਵਿਊਰਜ਼ ਵੱਲੋਂ ਵੱਖ ਵੱਖ ਮੁੱਦਿਆਂ ਜਿਵੇਂ ਆਨਲਾਈਨ ਈ-ਪਾਸ, ਪਰਵਾਸੀ ਮਜ਼ਦੂਰਾਂ ਦਾ ਮਸਲਾ, ਡਰੋਨਾਂ ਰਾਹੀਂ ਕਰਫਿਊ ਦੇ ਅਮਲ ਦੀ ਨਿਗਰਾਨੀ ਅਤੇ ਕਰਫਿਊ ਦੌਰਾਨ ਭੋਜਨ, ਦਵਾਈਆਂ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਸਬੰਧੀ ਸਵਾਲ ਪੁੱਛੇ ਗਏ।

ਸੂਬਾ ਪੱਧਰੀ ਕੋਵਿਡ -19 ਕਰਫਿਊ ਦੌਰਾਨ ਪੁਲਿਸ ਕਿਵੇਂ ਤੁਹਾਡਾ ਬਿਹਤਰ ਸਮਰਥਨ ਕਰ ਸਕਦੀ ਹੈ’ ਬਾਰੇ ਸੈਸ਼ਨ ਪਹਿਲਾਂ ਹੀ 2.5 ਲੱਕ ਲੋਕਾਂ ਤੱਕ ਪਹੁੰਚ ਚੁੱਕਿਆ ਹੈ।

ਡੀ.ਜੀ.ਪੀ. ਵੱਲੋਂ ਕਰਫਿਊ ਨਾਲ ਸਬੰਧਤ ਵੱਖ ਵੱਖ ਡਿਊਟੀਆਂ ਵਿਚ ਪੁਲੀਸ ਦੀ ਸਹਾਇਤਾ ਲਈ ਐਨ.ਸੀ.ਸੀ. ਕੈਡਿਟਾਂ ਨੂੰ ਜੁਟਾਉਣ, ਪ੍ਰਾਈਵੇਟ ਹਸਪਤਾਲਾਂ ਦੀਆਂ ਓ.ਪੀ.ਡੀਜ਼ ਅਤੇ ਨਰਸਿੰਗ ਹੋਮਜ਼ ਦੇ ਕੰਮ-ਕਾਜ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

ਇੱਕ ਹੋਰ ਜਵਾਬ ਵਿੱਚ ਡੀਜੀਪੀ ਨੇ ਕਰਫਿਊ ਦੌਰਾਨ ਬੰਦ ਪਈਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਦੀ ਸੁਰੱਖਿਆ ਬਾਰੇ ਕਿਸੇ ਵੀ ਤਰਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ।

ਘਰ ਦੇ ਅੰਦਰ ਰਹਿ ਕੇ ਕਰਫਿਊ ਲਾਗੂ ਕਰਨ ਵਿਚ ਪ੍ਰਸ਼ਾਸਨ ਅਤੇ ਪੁਲਿਸ ਨਾਲ ਸਹਿਯੋਗ ਕਰਨ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ, ਉਨ੍ਹਾਂ ਨੇ ਕਰੋਨਾਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਦਿਨ ਰਾਤ ਆਪਣੀਆਂ ਡਿਊਟੀਆਂ ਨਿਭਾਉਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅਣਥੱਕ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਦਿਨਕਰ ਗੁਪਤਾ ਨੇ ਲੋਕਾਂ ਨੂੰ ਸ਼ਾਂਤੀ ਅਤੇ ਸਬਰ ਰੱਖਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਸਰਕਾਰ ਅਤੇ ਪੁਲਿਸ ਉਨ੍ਹਾਂ ਦੀ ਚੰਗੀ ਸਿਹਤ ਅਤੇ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਨੇ ਵਿਊਰਜ਼ ਨੂੰ ਵੀ ਅਪੀਲ ਕੀਤੀ ਕਿ ਉਹ ਅਫਵਾਹਾਂ ਅਤੇ ਝੂਠੀਆਂ ਖ਼ਬਰਾਂ ਖਿਲਾਫ਼ ਪੰਜਾਬ ਪੁਲਿਸ ਦੀ ਮੁਹਿੰਮ ‘ਫੇਕ ਦੀ ਖੈਰ ਨਹੀਂ’ ਵਿੱਚ ਸ਼ਾਮਲ ਹੋਣ।

ਜਸਪੀ੍ਰਤ ਵੱਲੋਂ ਲੋਕਾਂ ਦੁਆਰਾ ਖਾਣੇ ਦੀ ਬਰਬਾਦੀ ਕੀਤੇ ਜਾਣ ਸਬੰਧੀ ਜਤਾਏ ਗਏ ਫ਼ਿਕਰ ਦੇ ਜਵਾਬ ਵਿੱਚ ਡੀ.ਜੀ.ਪੀ. ਨੇ ਭਰੋਸਾ ਦਿਵਾਇਆ ਕਿ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨਾਲ ਨਾਲ ਸੂਬਾ ਸਰਕਾਰ ਦੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਭੋਜਨ ਦੀ ਵੰਡ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ।

ਮੋਗਾ ਪੁਲਿਸ ਵੱਲੋਂ ਸਖ਼ਤਾਈ ਕੀਤੇ ਜਾਣ ਦੀ ਸ਼ਿਕਾਇਤ ਦੇ ਜਵਾਬ ਵਿੱਚ ਡੀਜੀਪੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਪੁਲਿਸ ਵਤੀਰੇ ਅਤੇ ਵਿਵਹਾਰ ਦੇ ਸੰਬੰਧ ਵਿੱਚ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾ ਰਹੀ ਹੈ ਅਤੇ ਪੰਜਾਬ ਪੁਲਿਸ ਦੇ ਸਾਰੇ ਜਵਾਨਾਂ ਨੂੰ ਨਿਮਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਲੁਧਿਆਣਾ ਤੋਂ ਪਾਇਲ ਧਵਨ ਨੂੰ ਭਰੋਸਾ ਦਿਵਾਉਂਦਿਆਂ ਜਿਸਨੇ ਜ਼ਿਆਦਾ ਕਾਲਾਂ ਕਰਕੇ ਡਾਇਲ 112 ਹੈਲਪਲਾਈਨ ਨਾਲ ਜੁੜਨ ਵਿੱਚ ਦਰਪੇਸ਼ ਮੁਸ਼ਕਲਾਂ ਦਾ ਮੁੱਦਾ ਉਠਾਇਆ, ਡੀਜੀਪੀ ਨੇ ਦੱਸਿਆ ਕਿ ਡਾਇਲ 112 ਦੀ ਕਾਲ ਲੈਣ ਦੀ ਸਮਰੱਥਾ ਪਹਿਲਾਂ ਹੀ 32 ਤੋਂ ਵਧਾ ਕੇ 83 ਕੀਤੀ ਗਈ ਹੈ ਅਤੇ ਇਸ ਵਿੱਚ ਅੱਗੇ ਵੀ ਵਾਧਾ ਕੀਤਾ ਜਾ ਰਿਹਾ ਹੈ।

ਸੈਸ਼ਨ ਦਾ ਉਦੇਸ਼ ਪੁਲਿਸ ਵਿਚ ਲੋਕਾਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਮਜ਼ਬੂਤ ਅਤੇ ਉੱਚਾ ਕਰਨ, ਲੋਕਾਂ ਦਾ ਸਹਿਯੋਗ ਵਧਾਉਣਾ ਅਤੇ ਕਰਫਿਊ ਨੂੰ ਲਾਗੂ ਕਰਨ ਵਿਚ ਉਨ੍ਹਾਂ ਦਾ ਸਹਿਯੋਗ ਲੈਣਾ ਹੈ।

ਦਰਸ਼ਕਾਂ ਵੱਲੋਂ ਪੁੱਛੇ ਗਏ ਸਵਾਲਾਂ ਵਿੱਚ ਇਹ ਸਵਾਲ ਵੀ ਪੁੱਛਿਆ ਗਿਆ ਕਿ ਕੀ ਪੰਜਾਬ ਦੇ ਡੀ.ਜੀ.ਪੀ. ਵੱਲੋਂ ਭਵਿੱਖ ਵਿਚ ਵੀ ਅਜਿਹਾ ਸੈਸ਼ਨ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਕ ਵਿਦਿਆਰਥੀ ਨੇ ਡੀਜੀਪੀ ਨੂੰ ਪੰਜਾਬ ਵਿਚ ਸਕੂਲਾਂ ਨੂੰ ਖੋਲਣ ਦੀ ਸੰਭਾਵਤ ਤਾਰੀਖ ਬਾਰੇ ਵੀ ਪੁੱਛਿਆ।

ਬਹੁਤ ਸਾਰੇ ਲਾਈਵ ਵਿਊਰਜ਼ ਨੇ ਕਰਫਿਊ ਦੇ ਅਮਲ ਦੌਰਾਨ ਪੰਜਾਬ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਅਤੇ ਕਾਰਜਾਂ ਦੀ ਸ਼ਲਾਘਾ ਕੀਤੀ। ਗੁਰਦਾਸਪੁਰ ਦੀ ਵਸਨੀਕ ਮਮਤਾ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀਆਂ ਦੇ ਕੰਮ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।

ਰਾਜਪੁਰਾ ਦੇ ਇਕ ਹੋਰ ਵਸਨੀਕ ਨੇ ਨਸ਼ਾ ਛੁਡਾਊ ਕੇਂਦਰਾਂ ਅਤੇ ਓਟ ਸੈਂਟਰਾਂ ਦੇ ਕਾਰਜਸ਼ੀਲ ਹੋਣ ਬਾਰੇ ਪੁੱਛਿਆ।

ਪਰਮਜੀਤ ਸਿੰਘ ਨੇ ਦੱਸਿਆ ਕਿ ਕਰਫਿਊ ਦੌਰਾਨ ਡਾਇਲ 112 ਹੈਲਪਲਾਈਨ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ ਅਤੇ ਉਹ ਹੈਲਪਲਾਈਨ ‘ਤੇ ਕਾਲ ਕਰਕੇ ਆਪਣੀਆਂ ਦਵਾਈਆਂ ਪ੍ਰਾਪਤ ਕਰ ਰਹੇ ਹਨ।

ਮਲੇਰਕੋਟਲਾ ਦੇ ਧਨਵੰਤ ਸਿੰਘ ਨੇ ਪੁੱਛਿਆ ਕਿ ਕਣਕ ਦੀ ਫਸਲ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਸਰਕਾਰ ਅਤੇ ਪੁਲਿਸ ਨੇ ਕੀ ਕਰਨ ਦੀ ਯੋਜਨਾ ਬਣਾਈ ਹੈ। ਲੁਧਿਆਣਾ ਤੋਂ ਵਿਕਰਮਜੀਤ ਨੇ ਬੇਨਤੀ ਕੀਤੀ ਕਿ ਯਾਤਰੀਆਂ ਦੀ ਸਹੂਲਤ ਲਈ ਸਵੇਰ ਦੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES