ਨਸ਼ਿਆਂ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਸਮਰਪਿਤ ਕਰਨਾ ਜਰੂਰੀ: ਬੱਬੀ ਬਾਦਲ

ਅੰਮ੍ਰਿਤਸਰ, 6 ਸਤੰਬਰ, 2019 –

ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਹਵੇਂ ਦਰਿਆ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਸਮਰਪਿਤ ਕਰਨਾ ਬੜਾ ਜਰੂਰੀ ਹੈ ਜਿਸ ਲਈ ਨੌਜਵਾਨਾਂ ਨੂੰ ਵਧੀਆ ਖੇਡ ਗਰਾਉਂਡ, ਖੇਡਾਂ ਦਾ ਸਮਾਨ ਅਤੇ ਵਧੀਆ ਕੋਚ ਮੁਹੱਈਆ ਕਰਵਾਉਣਾਂ ਪੰਜਾਬ ਸਰਕਾਰ ਦੀ ਨੈਤਿਕ ਜਿਮ੍ਹੇਵਾਰੀ ਬਣਦੀ ਹੈ ਪਰ ਪੰਜਾਬ ਸਰਕਾਰ ਆਪਣੀ ਇਨ੍ਹਾਂ ਜ਼ਿਮ੍ਹੇਵਾਰੀਆ ਤੋਂ ਭੱਜ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਯੂਥ ਅਕਾਲੀ ਦਲ ਟਕਸਾਲੀ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਨੇੜੇ ਯੂਥ ਸਪੋਰਟਸ ਕਲੱਬ ਵੱਲੋਂ ਕਰਮਜੀਤ ਸਿੰਘ ਸੰਧੂ ਅਤੇ ਗੁਰਵਿੰਦਰ ਸਿੰਘ ਇਟਲੀ ਦੀ ਅਗਵਾਈ ਵਿੱਚ ਕਰਵਾਏ ਗਏ ਕੁਸ਼ਤੀ ਦੰਗਲ ਵਿੱਚ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਲਗਵਾਉਂਦਿਆਂ ਆਖੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਲਈ ਅੱਜ ਤੱਕ ਕੋਈ ਖੇਡ ਨੀਤੀ ਨਹੀਂ ਬਣਾਈ ਜਿਸ ਕਾਰਨ ਚੰਗੇ ਖਿਡਾਰੀ ਆਪਣੀ ਕਾਬਲੀਅਤ ਦਿਖਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਆਪਣੇ ਸਹੀ ਮਾਰਗ ਤੋਂ ਰਸਤਾ ਭਟਕ ਕੇ ਨਸ਼ਿਆਂ ਅਤੇ ਹੋਰ ਭੈੜੀਆਂ ਅਲਾਮਤਾਂ ਵਿੱਚ ਧੱਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸੱਚੇ ਦਿਲੋਂ ਸਾਨੂੰ ਸਭ ਉਪਰਾਲੇ ਕਰਨੇ ਪੈਣਗੇ।

ਬੱਬੀ ਬਾਦਲ ਨੇ ਕਿਹਾ ਕਿ ਉਹ ਆਪਣੇ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰਫੁੱਲਤ ਕਰਨ ਲਈ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੇ ਇਸ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁਸ਼ਤੀ , ਜੱਸਾ ਪੱਟੀ ਅਤੇ ਸਤਿੰਦਰ ਸੋਖਰੀਆ ਦੇ ਵਿਚਕਾਰ ਹੋਈ ਜੋਕਿ ਇਹ ਮੁਕਾਬਲਾ ਬਰਾਬਰ ਦਾ ਰਿਹਾ। ਇਸ ਮੌਕੇ ਮਾਨ ਸਿੰਘ ਸੌਹਾਣਾ, ਸੋਨੂੰ ਸਾਰੰਗਪੁਰ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ ਬਿੱਲੂ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਮਾਨ ਸਿੰਘ, ਬਿੱਟਾ,ਰਣਧੀਰ ਸਿੰਘ ਪ੍ਰੇਮਗੜ੍ਹ, ਐਡਵੋਕੇਟ ਕਵਰਪ੍ਰੀਤ ਸਿੰਘ ਹਨੀ ਗਿੱਲ, ਇਕਬਾਲ ਸਿੰਘ ਜੁਝਾਰ ਨਗਰ, ਬਾਬਾ ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਸਾਰੰਗਪੁਰ, ਕਵਲਜੀਤ ਸਿੰਘ ਪੱਤੋਂ, ਗੁਰਪ੍ਰੀਤ ਸਿੰਘ ਮੋਹਾਲੀ ਆਦਿ ਹਾਜ਼ਰ ਸਨ।

Share News / Article

Yes Punjab - TOP STORIES