ਨਸ਼ਾ ਮੁਕਤ ਪੰਜਾਬ ਦਾ ਸੁਪਨਾ ਸਾਕਾਰ ਕਰਨ ਲਈ ਬਠਿੰਡਾ ਵਿੱਚ 38,352 ਡੈਪੋ ਸਰਗਰਮ: ਐਸ.ਐਸ.ਪੀ. ਨਾਨਕ ਸਿੰਘ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਬਠਿੰਡਾ, 24 ਜੂਨ, 2019:

ਨਸ਼ਾ ਮੁਕਤ ਪੰਜਾਬ ਦਾ ਸੁਪਨਾ ਸਾਕਾਰ ਕਰਨ ਲਈ ਜ਼ਿਲਾ ਬਠਿੰਡਾ ਵਿੱਚ 38,352 ਨਸ਼ਾ ਰੋਕਥਾਮ ਅਫ਼ਸਰ (ਡੈਪੋ) ਪੂਰੀ ਤਰਾਂ ਸਰਗਰਮ ਹਨ। ਪੁਲਿਸ ਵਿਭਾਗ ਵਲੋਂ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਮੁਹਿੰਮ ਵਿਚ ਆਮ ਲੋਕਾਂ ਦੁਆਰਾ ਵੀ ਨਸ਼ੇ ਦੇ ਖਾਤਮੇ ਲਈ ਜਾਗਰੂਕਤਾ ਪੈਦਾ ਕਰਨ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਡੈਪੋਜ਼ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਲਈ ਸੂਬਾ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਜ਼ਿਲਾ ਬਠਿੰਡਾ ਦੇ ਸਮੂਹ ਪੁਲਿਸ ਥਾਣਿਆਂ ਅਤੇ ਸਾਂਝ ਕੇਂਦਰਾਂ ਵਿੱਚ ਹੁਣ ਤੱਕ 38,352 ਡੈਪੋ ਰਜਿਸਟਰਡ ਕੀਤੇ ਜਾ ਚੁੱਕੇ ਹਨ, ਜਿਨਾਂ ਨੂੰ 16 ਮਾਸਟਰ ਟਰੇਨਰ ਅਤੇ 180 ਗਰਾਊਂਡ ਲੈਵਲ ਟਰੇਨਰ ਸਮੇਂ-ਸਮੇਂ ‘ਤੇ ਸਿਖਲਾਈ ਦੇ ਰਹੇ ਹਨ।

ਇਸ ਤਹਿਤ ਜ਼ਿਲਾ ਤੇ ਸਬ-ਡਿਵੀਜ਼ਨ ਪੱਧਰ ‘ਤੇ ਵੱਖ-ਵੱਖ ਸਮਾਗਮਾਂ ਵਿੱਚ ਨਸ਼ਾ ਰੋਕਥਾਮ ਅਫ਼ਸਰਾਂ ਨੂੰ ਟ੍ਰੇਨਿੰਗ ਦੇ ਕੇ ਨਸ਼ੇ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸੰਵੇਦਨਸ਼ੀਲ ਵਿਅਕਤੀਆਂ ਨੂੰ ਨਸ਼ੇ ਦੀਆਂ ਦਲਦਲ ਵਿੱਚੋਂ ਬਾਹਰ ਕੱਢਣ ਵਿੱਚ ਸਹਾਇਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।

ਉਨਾਂ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਵੀ ਜ਼ਿਲਾ ਪੱਧਰੀ ਸਹੁੰ ਚੁੱਕ ਸਮਾਗਮ ਦੌਰਾਨ ਡੈਪੋ ਵਜੋਂ ਸਹੁੰ ਚੁਕਾਈ ਗਈ ਹੈ।

ਜ਼ਿਲਾ ਪੁਲਿਸ ਮੁੱਖੀ ਡਾ. ਨਾਨਕ ਸਿੰਘ ਨੇ ਹੋਰ ਦੱਸਿਆ ਕਿ ਜ਼ਿਲਾ ਬਠਿੰਡਾ ਦੇ ਸਮੂਹ ਥਾਣਿਆਂ ਅਤੇ ਸਾਂਝ ਕੇਂਦਰਾਂ ਵੱਲੋਂ ਆਮ ਲੋਕਾਂ ਤੇ ਡੈਪੋਜ਼ ਨੂੰ ਜਾਗਰੂਕ ਕਰਨ ਅਤੇ ਨਸ਼ੇ ਦੀ ਭੈੜੀ ਲੱਤ ਨੂੰ ਤਿਆਗਣ ਲਈ ਸਕੂਲਾਂ, ਕਾਲਜਾਂ, ਜਨਤਕ ਸਥਾਨਾਂ, ਪਿੰਡਾਂ, ਮੁਹੱਲਿਆਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੈਮੀਨਾਰ, ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਨਾਲ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕ ਪੁਲਿਸ ਨੂੰ ਨਸ਼ਾ ਵੇਚਣ ਜਾਂ ਕਰਨ ਵਾਲੇ ਮਾੜੇ ਅਨਸਰਾਂ ਬਾਰੇ ਜਾਣਕਾਰੀ ਦੇ ਰਹੇ ਹਨ।

ਉਨਾਂ ਦੱਸਿਆ ਕਿ ਜ਼ਿਲਾ ਬਠਿੰਡਾ ਵਿੱਚ 1 ਅਪ੍ਰੈਲ 2018 ਤੋਂ 20 ਜੂਨ, 2019 ਤੱਕ 740 ਸੈਮੀਨਾਰ, ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਗਈਆਂ, ਜਿਨਾਂ ਵਿੱਚ ਕਰੀਬ 15,487 ਵਿਅਕਤੀਆਂ ਨੇ ਸ਼ਮੂਲੀਅਤ ਕੀਤੀ।

ਜ਼ਿਲਾ ਪੁਲਿਸ ਮੁੱਖੀ ਨੇ ਇਹ ਵੀ ਦੱਸਿਆ ਕਿ ਜ਼ਿਲੇ ਅੰਦਰ ਰਜਿਸਟਰਡ ਕੀਤੇ ਜਾ ਚੁੱਕੇ ਸਰਕਾਰੀ ਅਤੇ ਪ੍ਰਾਈਵੇਟ ਡੈਪੋਜ਼ ਦਾ ਰਿਕਾਰਡ ਸਬੰਧਤ ਥਾਣਿਆਂ ਤੋਂ ਤਸਦੀਕ ਕਰਵਾਇਆ ਜਾ ਚੁੱਕਾ ਹੈ ਅਤੇ ਅਯੋਗ ਪਾਏ ਗਏ ਵਿਅਕਤੀਆਂ ਨੂੰ ਇਸ ਪ੍ਰੋਗਰਾਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •