ਨਸ਼ਾ ਤਸਕਰੀ ਕੇਸ ’ਚ ਫੜੀਆਂ ਔਰਤਾਂ ਨੇ ਕੀਤੇ ਕਈ ਅਹਿਮ ਖ਼ੁਲਾਸੇ: ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ

ਪਟਿਆਲਾ, 13 ਅਗਸਤ, 2019:
ਪਟਿਆਲਾ ਪੁਲਿਸ ਵੱਲੋਂ ਕੱਲ ਪਿੰਡ ਰਾਜਗੜ੍ਹ ਤੋਂ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੀਆਂ ਦੋ ਔਰਤਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੀਤੀ ਪੁੱਛ-ਗਿੱਛ ਦੌਰਾਨ ਉਨ੍ਹਾਂ ਵਿਚੋਂ ਮਨਜੀਤ ਕੌਰ ਉਰਫ ਬੀਟੋ ਪਤਨੀ ਸੁਰਜੀਤ ਸਿੰਘ ਨੇ ਅਹਿਮ ਖੁਲਾਸੇ ਕਰਦਿਆ ਪੁਲਿਸ ਨੂੰ ਦੱਸਿਆ ਕਿ ਉਸਦਾ ਪਤੀ ਜੋ ਕਿਸੇ ਹੋਰ ਨਸ਼ੇ ਦੇ ਮਾਮਲੇ ਵਿਚ ਪਿਛਲੇ ਪੰਜ ਮਹੀਨਿਆਂ ਤੋਂ ਪਟਿਆਲਾ ਜੇਲ ਅੰਦਰ ਬੰਦ ਹੈ ਉਸ ਨਾਲ ਫੋਨ ‘ਤੇ ਲਗਾਤਾਰ ਸੰਪਰਕ ਵਿਚ ਹੈ ਅਤੇ ਨਸ਼ੇ ਦਾ ਕਾਰੋਬਾਰ ਚਲਾਉਣ ਵਿਚ ਉਸਦੀ ਮਦਦ ਕਰਦਾ ਹੈ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਮਨਜੀਤ ਕੌਰ ਉਰਫ ਬੀਟੋ ਨੇ ਇਹ ਕਬੂਲ ਕੀਤਾ ਕਿ ਉਸਦਾ ਸੰਪਰਕ ਆਪਣੇ ਪਤੀ ਨਾਲ ਜੇਲ ਵਿਚ ਫੋਨ ਰਾਹੀਂ ਰੋਜ਼ਾਨਾ ਹੁੰਦਾ ਹੈ।

ਸ. ਸਿੱਧੂ ਨੇ ਦੱਸਿਆ ਕਿ ਇਸ ‘ਤੇ ਤੁਰੰਤ ਕਾਰਵਾਈ ਕਰਦਿਆ ਪੁਲਿਸ ਵੱਲੋਂ ਇਹ ਜਾਣਕਾਰੀ ਕੇਂਦਰੀ ਜੇਲ ਪਟਿਆਲਾ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਗਈ ਅਤੇ ਰਾਤ ਨੂੰ ਹੀ ਜੇਲ ਪ੍ਰਸਾਸ਼ਨ ਵੱਲੋਂ ਤੁਰੰਤ ਕਾਰਵਾਈ ਕਰਦਿਆ ਸੁਰਜੀਤ ਸਿੰਘ ਦੀ ਬੈਰਕ ਦੀ ਤਲਾਸ਼ੀ ਲਈ ਗਈ ਅਤੇ ਤਲਾਸ਼ੀ ਦੌਰਾਨ ਉਸ ਪਾਸੋਂ ਮੋਬਾਇਲ ਫੋਨ ਬਰਾਮਦ ਕਰਕੇ ਉਸ ਖਿਲਾਫ ਥਾਣਾ ਤ੍ਰਿਪੜੀ ਵਿਖੇ ਐਫ.ਆਈ.ਆਰ ਨੰਬਰ 169 ਤਹਿਤ ਅ/ਧ 52 ਏ ਮਿਤੀ 13-8-19 ਜੇਲ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

ਐਸ.ਐਸ.ਪੀ. ਸ. ਸਿੱਧੂ ਨੇ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਦੋਨੋ ਨਸ਼ਾ ਤਸਕਰ ਔਰਤਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮਨਜੀਤ ਕੌਰ ਦੇ ਪਤੀ ਸੁਰਜੀਤ ਸਿੰਘ ਦਾ ਵੀ ਤ੍ਰਿਪੜੀ ਥਾਣੇ ਵਿਖੇ ਦਰਜ਼ ਮੁਕੱਦਮੇ ‘ਚ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਮੁਢਲੀ ਪੁੱਛ-ਗਿੱਛ ਦੌਰਾਨ ਹੀ ਮਨਜੀਤ ਕੌਰ ਵੱਲੋਂ ਕੀਤੇ ਖੁਲਾਸੇ ਤੋਂ ਇਸ ਮਾਮਲੇ ‘ਚ ਹੋਰ ਪਰਤਾਂ ਖੁੱਲਣ ਦੀ ਆਸ ਹੈ ਅਤੇ ਇਸ ਸਬੰਧੀ ਕਾਰਵਾਈ ਜਾਰੀ ਹੈ।

ਜ਼ਿਕਰਯੋਗ ਹੈ ਕਿ ਕੱਲ ਪਟਿਆਲਾ ਪੁਲਿਸ ਨੇ ਨਸ਼ਿਆਂ ਖਿਲਾਫ ਇਕ ਵੱਡੀ ਕਾਰਵਾਈ ਕਰਦਿਆ ਨਸ਼ਿਆਂ ਦੇ ਕਾਲੇ ਕਾਰੋਬਾਰ ਵਿਚ ਲੰਮੇ ਸਮੇਂ ਤੋਂ ਲੱਗੀਆਂ ਦੋ ਔਰਤ ਨਸ਼ਾ ਤਸਕਰਾਂ ਨੂੰ ਕਰੋੜਾਂ ਰੁਪਏ ਮੁੱਲ ਦੀ 850 ਗਰਾਮ ਅਤੇ ਹੈਰੋਇਨ ਅਤੇ 5 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਏ ਸਾਜੋ-ਸਮਾਨ ਅਤੇ ਦੋ ਕੋਠੀਆਂ ਨੂੰ ਵੀ ਜ਼ਬਤ ਕਰ ਲਿਆ ਗਿਆ ਸੀ।

Share News / Article

YP Headlines

Loading...