ਨਸ਼ਾ ਛੁਡਾਊ ਕੇਂਦਰ ਸੀਲ, ਡੀ.ਸੀ. ਚੰਦਰ ਗੈਂਦ ਨੇ ਕਿਹਾ ਗ਼ਲਤ ਕੰਮ ਕਰਨ ਵਾਲੇ ਦੂਜੇ ਕੇਂਦਰਾਂ ’ਤੇ ਵੀ ਹੈ ਨਿਗਾਹ

ਫਿਰੋਜ਼ਪੁਰ, 4 ਅਕਤੂਬਰ, 2019 –

ਬਿਨਾਂ ਮਨੋਚਿਕਿਤਸਕ ਦੇ ਨਸ਼ਾ ਛੁਡਾਉਣ ਦੀਆਂ ਦਵਾਈਆਂ ਦੇਣ ਦੇ ਮਾਮਲੇ ਵਿੱਚ ਮੋਗਾ-ਫਿਰੋਜ਼ਪੁਰ ਰੋਡ ਸਥਿਤ ਨਸ਼ਾ-ਛੁਡਾਊ ਕੇਂਦਰ ਨੂੰ ਸੀਲ ਕਰਕੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਨਸ਼ੇ ਦੀ ਸਮੱਸਿਆ ਤੇ ਝਾੜੂ ਮਾਰਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਯਮਾਂ ਨੂੰ ਤਾਕ ਤੇ ਰੱਖ ਕੇ ਗ਼ਲਤ ਕੰਮ ਕਰਨ ਵਾਲੇ ਦੂਸਰੇ ਸੈਂਟਰਾਂ ਤੇ ਵੀ ਪ੍ਰਸ਼ਾਸਨ ਦੀ ਕੜੀ ਨਜ਼ਰ ਹੈ ਅਤੇ ਜਲਦ ਹੀ ਉੱਥੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਗ਼ਲਤ ਕੰਮ ਕਰਨ ਵਾਲੇ ਲੋਕ ਆਪਣੇ ਤੌਰ-ਤਰੀਕੇ ਠੀਕ ਕਰ ਲੈਣ।

ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਵਿੱਚ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਸ਼ੇ ਨਾਲ ਸਬੰਧਿਤ ਸੰਵੇਦਨਸ਼ੀਲ ਦਵਾਈਆਂ ਵੇਚਣ ਵਾਲੇ ਦਵਾਈ ਵਿਕ੍ਰੇਤਾਵਾਂ ਤੇ ਨਿਗਰਾਨੀ ਤੇਜ਼ ਕਰਨ ਦੇ ਲਈ ਕਿਹਾ ਅਤੇ 24 ਘੰਟੇ ਨਿਗਰਾਨੀ ਵਿਵਸਥਾ ਲਾਗੂ ਕਰਨ ਦੇ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬਿਲਕੁਲ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ੇ ਦੇ ਖਿਲਾਫ ਚੱਲ ਰਹੀ ਮੁਹਿੰਮ ਪੂਰੇ ਜੋਸ਼ ਦੇ ਨਾਲ ਚੱਲਦੀ ਰਹੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵੀ ਤੇਜ਼ ਹੋਵੇਗੀ ਕਿਉਂਕਿ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗਾਂ ਮਿਲ ਕੇ ਇਸ ਸਮੱਸਿਆ ਤੇ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਕੁੱਝ ਦਿਨ ਪਹਿਲੇ ਹੰਸਰਾਜ ਮਲਟੀਸਪੈਸਲਿਟੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੇ ਹੋਈ ਕਾਰਵਾਈ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਝ ਮਰੀਜ਼ਾਂ ਦੀ ਸ਼ਿਕਾਇਤ ਤੇ ਸਿਹਤ, ਪੁਲਿਸ ਅਤੇ ਪ੍ਰਸ਼ਾਸਨ ਦੀ ਸਾਂਝੀ ਟੀਮ ਨੇ ਸੈਂਟਰ ਵਿੱਚ ਅਚਾਨਕ ਨਿਰੀਖਣ ਕੀਤਾ ਸੀ।

ਸ਼ਿਕਾਇਤ ਸੀ ਕਿ ਬਗੈਰ ਮਨੋਚਿਕਿਤਸਕ ਦੇ ਕੋਈ ਦੂਸਰਾ ਵਿਅਕਤੀ ਨਸ਼ਾ ਛੁਡਾਉਣ ਦੀਆਂ ਦਵਾਈਆਂ ਮਰੀਜ਼ਾਂ ਨੂੰ ਦੇ ਰਿਹਾ ਹੈ, ਜੋ ਕਿ ਕਾਨੂੰਨ ਦੇ ਵਿਰੁੱਧ ਹੈ। ਜਾਂਚ ਵਿੱਚ ਕਈ ਤੱਥ ਸਾਹਮਣੇ ਆਏ। ਮਰੀਜ਼ਾਂ ਨੂੰ ਜੋ ਇਲਾਜ ਦੇ ਦੌਰਾਨ ਕਾਰਡ ਬਣਾ ਕੇ ਦਿੱਤੇ ਗਏ ਸੀ ਅਤੇ ਜੋ ਦਵਾਈਆਂ ਵਾਲੀ ਪਰਚੀ ਸੀ, ਉਸ ਤੇ ਕਿਸੀ ਵੀ ਮਨੋਚਿਕਿਤਸਕ ਦੇ ਹਸਤਾਖ਼ਰ ਨਹੀਂ ਸੀ ਅਤੇ ਨਾ ਹੀ ਕੋਈ ਮੋਹਰ ਸੀ।

ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਤਰ੍ਹਾਂ ਦੇ ਸੈਂਟਰਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਇਨ੍ਹਾਂ ਕੇਂਦਰਾਂ ਦੀ ਕਾਰਗੁਜ਼ਾਰੀ ਨਿਰਧਾਰਿਤ ਮਾਪਦੰਡਾਂ ਅਤੇ ਨਿਯਮਾਂ ਦੇ ਤਹਿਤ ਹੀ ਚੱਲ ਰਹੀ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਹਨ ਕਿ ਚੈਕਿੰਗ ਦੇ ਦੌਰਾਨ ਖ਼ਾਮੀਆਂ ਮਿਲਣ ਤੇ ਸਬੰਧਿਤ ਮੈਡੀਕਲ ਦੁਕਾਨ ਜਾਂ ਨਸ਼ਾ ਛੁਡਾਊ ਕੇਂਦਰ ਦਾ ਲਾਇਸੰਸ ਰੱਦ ਕਰਨ ਦੀ ਸਿਫ਼ਾਰਿਸ਼ ਤੁਰੰਤ ਕੀਤੀ ਜਾਵੇ ਤਾਂਕਿ ਜਲਦ ਤੋਂ ਜਲਦ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।

Share News / Article

Yes Punjab - TOP STORIES