ਨਵੀਂ ਦਿੱਲੀ-ਲੋਹੀਆਂ ਖ਼ਾਸ ਗੱਡੀ ਦਾ ਨਾਂਅ ਹੁਣ ‘ਸਰਬੱਤ ਦਾ ਭਲਾ’ ਐਕਸਪ੍ਰੈਸ ਹੋਵੇਗਾ, ਹਰਸਿਮਰਤ ਵੱਲੋਂ ਰੇਲ ਮੰਤਰੀ ਦਾ ਧੰਨਵਾਦ

ਚੰਡੀਗੜ੍ਹ, 03 ਅਕਤੂਬਰ, 2019:

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜ਼ਲੀ ਵਜੋਂ ਨਿਊ ਦਿੱਲੀ-ਲੋਹੀਆਂ ਖਾਸ-ਨਿਊ ਦਿੱਲੀ ਇੰਟਰਸਿਟੀ ਐਕਸਪ੍ਰੈਸ ਦਾ ਬਦਲ ਕੇ ‘ਸਰਬੱਤ ਦਾ ਭਲਾ ਐਕਸਪ੍ਰੈਸ’ ਰੱਖਣ ਲਈ ਕੇਂਦਰੀ ਰੇਲਵੇ ਮੰਤਰੀ ਸ੍ਰੀ ਪਿਯੂਸ਼ ਗੋਇਲ ਧੰਨਵਾਦ ਕੀਤਾ ਹੈ।

ਕੇਂਦਰੀ ਮੰਤਰੀ ਨੇ ਗੁਰੂ ਸਾਹਿਬ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਲਈ ਇੱਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ ਅਤੇ ਸੁਝਾਅ ਦਿੱਤਾ ਸੀ ਕਿ ਸੁਲਤਾਨਪੁਰ ਲੋਧੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਾ ਨਾਂ ‘ਸਰਬੱਤ ਦਾ ਭਲਾ ਐਕਸਪ੍ਰੈਸ’ ਰੱਖਿਆ ਜਾਵੇ।

ਆਪਣੀ ਬੇਨਤੀ ਸਵੀਕਾਰ ਕਰਨ ਲਈ ਮੰਤਰੀ ਦਾ ਧੰਨਵਾਦ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ ਹੈ ਅਤੇ ਰੇਲ ਗੱਡੀ ਦਾ ਇਹ ਨਾਂ ਰੱਖਣ ਨਾਲ ਗੁਰੂ ਸਾਹਿਬ ਦਾ ਸੰਦੇਸ਼ ਹੋਰ ਵੀ ਦੂਰ-ਦੁਰਾਡੇ ਤੱਕ ਫੈਲੇਗਾ।

ਬੀਬਾ ਬਾਦਲ ਨੇ ਕਿਹਾ ਕਿ ਉਹ ਕੱਲ੍ਹ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਇਸ ਰੇਲ ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨਗੇ, ਜਿਸ ਤੋਂ ਬਾਅਦ ਰਸਤੇ ਵਿਚ ਪੈਂਦੇ ਵੱਖ ਵੱਖ ਸਟੇਸ਼ਨਾਂ ਉੱਤੇ ਗੱਡੀ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਇਹ ਗੱਡੀ ਕੱਲ੍ਹ ਸ਼ਾਮੀਂ 2:38 ਵਜੇ ਸੁਲਤਾਨਪੁਰ ਲੋਧੀ ਪਹੁੰਚੇਗੀ, ਜਿੱਥੇ ਸਿੱਖ ਸੰਗਤ ਵੱਲੋਂ ਇਸ ਦਾ ਰਵਾਇਤੀ ਸਵਾਗਤ ਕੀਤਾ ਜਾਵੇਗਾ।

Share News / Article

YP Headlines