ਨਰਮਾ-ਕਪਾਹ ਦੀ ਫਸਲ ਦੇ ਖਰਾਬੇ ਦੇ ਮੁਆਵਜ਼ੇ ਲਈ ਬੇਜ਼ਮੀਨੇ ਪੇਂਡੂ ਕਿਰਤੀਆਂ ਨੇ ਬੋਲਿਆ ਸੰਘਰਸ਼ੀ ਹੱਲਾ

ਯੈੱਸ ਪੰਜਾਬ
ਬਠਿੰਡਾ, 11 ਮਈ, 2022 –
ਭਾਰੀ ਗਿਣਤੀ ਬੇਜ਼ਮੀਨੇ-ਸਾਧਨਹੀਨ ਪੇਂਡੂ ਕਿਰਤੀਆਂ ਅਤੇ ਇਸਤਰੀਆਂ ਨੇ ਅੱਜ ਸਥਾਨਕ ਮਿੰਨੀ ਸਕੱਤਰੇਤ ਦੀ ਇਮਾਰਤ ਸਾਹਮਣੇ ਪੰਜਾਬ ਸਰਕਾਰ ਅਤੇ ਅਫਸਰਸ਼ਾਹੀ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ। ਕਹਿਰਾਂ ਦੀ ਗਰਮੀ ‘ਚ ਸੂਬਾ ਸਰਕਾਰ ਤੱਕ ਆਪਣੀ ਆਵਾਜ਼ ਪੁਚਾਉਣ ਲਈ ਪੁੱਜੇ ਉਕਤ ਗਰੀਬ ਲੋਕ ਪੇਂਡੂ ਕਿਰਤੀਆਂ, ਜਿਨ੍ਹਾਂ ਦੀ ਭਾਰੀ ਗਿਣਤੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹੈ, ਨੂੰ ਨਰਮਾ-ਕਪਾਹ ਦੀ ਫਸਲ ਦੇ ਖਰਾਬੇ ਦੇ ਮੁਆਵਜ਼ੇ ਤੋਂ ਵਾਂਝੇ ਰੱਖਣ ਵਿਰੁੱਧ ਡਾਢੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਸਨ।

ਪ੍ਰਦਰਸ਼ਨਕਾਰੀ ਇਸ ਗੱਲੋਂ ਵੀ ਖਫਾ ਸਨ ਕਿ ਮੁਆਵਜ਼ੇ ਲਈ ਭੌਂ ਮਾਲਕ ਕਿਸਾਨਾਂ ਵੱਲੋਂ ਪੁਸ਼ਟੀ ਕੀਤੇ ਜਾਣ ਦੀ ਬੇਲੋੜੀ ਸ਼ਰਤ ਲਾਈ ਜਾ ਰਹੀ ਹੈ।

ਅੱਜ ਦੇ ਰੋਸ ਵਿਖਾਵੇ ਦਾ ਸੱਦਾ ਦਿਹਾਤੀ ਮਜ਼ਦੂਰ ਸਭਾ ਅਤੇ ਜਨਵਾਦੀ ਇਸਤਰੀ ਸਭਾ ਪੰਜਾਬ ਦੀਆਂ ਬਠਿੰਡਾ ਜਿਲ੍ਹਾ ਕਮੇਟੀਆਂ ਵੱਲੋਂ ਦਿੱਤਾ ਗਿਆ ਸੀ।

ਇਸੇ ਦਰਮਿਆਨ ਪ੍ਰਦਰਸ਼ਨਕਾਰੀ ਮਜ਼ਦੂਰਾਂ ਅਤੇ ਬੀਬੀਆਂ ਦੀ ਅਗਵਾਈ ਕਰ ਰਹੇ ਆਗੂਆਂ ਦੀ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਬਠਿੰਡਾ ਨਾਲ ਹੋਈ ਮੀਟਿੰਗ ਵਿੱਚ ਜਿਲ੍ਹਾ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਹਫਤੇ ਦੇ ਅੰਦਰ-ਅੰਦਰ ਸਾਰੇ ਮਜ਼ਦੂਰ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਵੰਡ ਦਿੱਤੀ ਜਾਵੇਗੀ।

ਮੀਟਿੰਗ ਉਪਰੰਤ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਬੀਬੀ ਦਰਸ਼ਨਾ ਜੋਸ਼ੀ ਨੇ ਐਲਾਨ ਕੀਤਾ ਕਿ ਜੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਾਅਦਾ ਵਫਾ ਨਾ ਹੋਇਆ ਤਾਂ ਹੋਰ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।

ਭਰਾਤਰੀ ਜੱਥੇਬੰਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਬੱਬਾ ਨੇ ਵੀ ਹੱਕੀ ਕਿਰਤੀ ਘੋਲ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

ਧਰਨੇ-ਪ੍ਰਦਰਸ਼ਨ ‘ਚ ਪੁੱਜੇ ਕਿਰਤੀਆਂ ਨੂੰ ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਕੂਕਾ ਸਿੰਘ ਨਥਾਣਾ, ਮੇਜਰ ਸਿੰਘ ਤੁੰਗਵਾਲੀ, ਦਰਸ਼ਨ ਸਿੰਘ ਕੁੱਤੀਵਾਲ, ਸ਼ਕਰ ਰਾਮ ਜੱਸੀ ਬਾਗ਼ ਵਾਲੀ, ਜੱਗਾ ਸਿੰਘ ਮੀਆਂ ਨੇ ਸੰਬੋਧਨ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ